ਬ੍ਰਿਟੇਨ ਵਿਚ ਰਹਿ ਰਹੇ ਇਕ ਪ੍ਰਵਾਸੀ ਭਾਰਤੀ (ਐਨਆਰਆਈ) ਨੌਜਵਾਨ ਨੂੰ ਦਿੱਲੀ ਦੀ ਲੜਕੀ ਨਾਲ ਵਿਆਹ ਦੇ ਪ੍ਰਸਤਾਵ ਨੂੰ ਸਵੀਕਾਰ ਕਰਨਾ ਮਹਿੰਗਾ ਪੈ ਗਿਆ। ਲੜਕਾ ਲੜਕੀ ਨੂੰ ਮਿਲਣ ਲਈ ਦਿੱਲੀ ਆਇਆ। ਪ੍ਰੰਤੂ ਲੜਕੀ ਨੇ ਖਾਣੇ ਦਾ ਬਿੱਲ ਭਰਨ ਦੇ ਵਿਵਾਦ ਵਿਚ ਉਸ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ।
ਇਸ ਮੁਕਦਮੇ ਦੇ ਚੱਕਰ ਵਿਚ ਨੌਜਵਾਨ ਨੂੰ ਡੇਢ ਸਾਲ ਤੱਕ ਬ੍ਰਿਟੇਨ ਤੋਂ ਦਿੱਲੀ ਦੇ ਕਈ ਚੱਕਰ ਲਗਾਉਣੇ ਪਏ। ਹਾਲਾਂਕਿ ਮਾਮਲੇ ਵਿਚ ਮੋੜ ਉਸ ਸਮੇਂ ਆਇਆ, ਜਦੋਂ ਲੜਕੀ ਨੇ ਅਦਾਲਤ ਵਿਚ ਕਿਹਾ ਕਿ ਅਸਲ ਵਿਚ ਹੋਟਲ ਵਿਚ ਖਾਣੇ ਦਾ ਬਿੱਲ ਭਰਨ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਉਸਨੇ ਗੁੱਸੇ ਵਿਚ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ।
ਪੀੜਤਾ ਅਤੇ ਉਸਦੀ ਮਾਂ ਦੇ ਬਦਲੇ ਬਿਆਨਾਂ ਨੂੰ ਸੁਣਨ ਬਾਅਦ ਅਦਾਲਤ ਨੇ ਮੁਲਜ਼ਮ ਬਰੀ ਕਰ ਦਿੱਤਾ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਬਲਾਤਕਾਰ ਇਕ ਅਜਿਹਾ ਅਪਰਾਧ ਹੈ ਜਿਸ ਨੂੰ ਹਲਕਾ ਨਹੀਂ ਲਿਆ ਜਾ ਸਕਦਾ। ਪ੍ਰੰਤੂ ਇਹ ਵੀ ਸਹੀ ਹੈ ਕਿ ਇਸ ਕਾਨੂੰਨ ਦੀ ਦੁਰਵਰਤੋਂ ਸਾਹਮਣੇ ਆ ਰਹੀ ਹੈ। ਅਦਾਲਤ ਨੇ ਇਸ ਮਾਮਲੇ ਵਿਚ ਪੀੜਤਾ ਤੇ ਉਸਦੀ ਮਾਂ ਦੇ ਬਦਲੇ ਬਿਆਨਾਂ ਨੂੰ ਮੁਲਜ਼ਮ ਨੂੰ ਬਰੀ ਕਰਨ ਦਾ ਆਧਾਰ ਦੱਸਿਆ ਹੈ।
ਸ਼ਿਕਾਇਤ ਕਰਦਾ ਲੜਕੀ ਅਤੇ ਐਨਆਰਆਈ ਲੜਕੇ ਦੀ ਪਹਿਚਾਣ ਇਕ ਆਨਲਾਈਨ ਮੈਰਿਜ ਵੈਬਸਾਈਟ ਉਤੇ ਹੋਈ ਸੀ। ਲੜਕੀ ਦਾ ਪ੍ਰੋਫਾਈਲ ਦੇਖਣ ਬਾਅਦ ਲੜਕੇ ਨੇ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਇਸ ਦੇ ਮੱਦੇਨਜ਼ਰ ਲੜਕਾ ਦਸੰਬਰ 2017 ਨੂੰ ਲੜਕੀ ਨੂੰ ਮਿਲਣ ਦਿੱਲੀ ਆਇਆ।
ਲੜਕੀ ਨੇ ਮਾਰਚ 2018 ਵਿਚ ਐਨਆਰਆਈ ਲੜਕੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ। ਲੜਕੀ ਦਾ ਕਹਿਣਾ ਸੀ ਕਿ ਜਦੋਂ ਉਹ ਲੜਕੇ ਨੂੰ ਮਿਲਣ ਆਈ ਤਾਂ ਹੋਟਲ ਦੇ ਕਮਰੇ ਵਿਚ ਉਸਨੇ ਚਾਹ ਮੰਗਵਾਈ। ਚਾਹ ਪੀਣ ਬਾਅਦ ਉਹ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਾਤ ਵਿਚ ਨੌਜਵਾਨ ਨੇ ਉਸ ਨਾਲ ਬਲਾਤਕਾਰ ਕੀਤਾ।