ਰਾਜਸਥਾਨ ਪੁਲਿਸ ਨੇ ਸੋਮਵਾਰ ਨੂੰ ਝੁਨਝੂਨੂ ਇਲਾਕੇ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਤੇ ਇੱਕ ਔਰਤ ਨੂੰ ਦਰਖ਼ਤ ਨਾਲ ਜਕੜ ਕੇ ਕੁੱਟਣ ਅਤੇ ਵਾਲ ਖਿੱਚਣ ਦੇ ਦੋਸ਼ ਹਨ। ਔਰਤ ਨੂੰ ਡੰਡੇ ਨਾਲ ਕੁੱਟੇ ਜਾਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਇੱਕ ਔਰਤ ਅਤੇ ਤਿੰਨ ਬੱਚੇ ਪੀੜਤ ਨੂੰ ਕੁੱਟਦੇ ਦਿਖ ਰਹੇ ਹਨ। ਇਹ ਘਟਨਾ ਦੀ 6 ਜੁਲਾਈ ਦੀ ਦੱਸੀ ਜਾ ਰਹੀ ਹੈ. ਔਰਤ ਦੀ ਕੁੱਟਮਾਰ ਦੌਰਾਨ ਉਸਨੂੰ ਰੱਸੇ ਨਾਲ ਜਕੜ ਲਿਆ ਗਿਆ ਸੀ।
ਇਸ ਘਟਨਾ ਬਾਰੇ ਝੁਨਝੂਨੂ ਦੇ ਸੁਪਰਡੈਂਟ ਆਫ ਪੁਲਿਸ ਮਨੀਸ਼ ਅਗਰਵਾਲ ਨੇ ਕਿਹਾ ਕਿ ਇਹ ਸਾਰਾ ਵਿਵਾਦ ਦੋ ਭਰਾਵਾਂ ਵਿਚਕਾਰ ਜ਼ਮੀਨ ਦਾ ਹੈ। ਨਵਾਬਗੜ੍ਹ ਦੇ ਨਜ਼ਦੀਕ ਬਿੱਲਾ ਪਿੰਡ ਦੇ ਵਸਨੀਕ ਦਇਆਰਾਮ ਜਾਟ ਅਤੇ ਮਨੀਰਾਮ ਜਾਟ ਵਿਚਾਲੇ ਜ਼ਮੀਨ ਕਰਕੇ ਕੁਝ ਝਗੜਾ ਚੱਲ ਰਿਹਾ ਹੈ।
ਇਸ ਤੋਂ ਬਾਅਦ ਮਨੀਰਾਮ, ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚਿਆਂ ਨੇ ਦਇਆਰਾਮ ਦੀ ਪਤਨੀ ਨੂੰ ਮਾਰਿਆ-ਕੁੱਟਿਆ। ਇੱਕ ਗੁਆਂਢੀ ਨੇ ਆਪਣੇ ਕੈਮਰੇ 'ਚ ਸਾਰੀ ਘਟਨਾ ਦੀ ਵੀਡੀਓ ਬਣਾ ਲਈ।
ਅਗਰਵਾਲ ਨੇ ਅੱਗੇ ਕਿਹਾ ਕਿ ਅਸੀਂ ਸੋਮਵਾਰ ਸ਼ਾਮ ਨੂੰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਰਾਜਸਥਾਨ ਮਹਿਲਾ ਕਮਿਸ਼ਨ ਦੀ ਪ੍ਰਧਾਨ ਸੁਮਨ ਸ਼ਰਮਾ ਨੇ ਸਾਰੀ ਘਟਨਾ ਦੀ ਰਿਪੋਰਟ ਜ਼ਿਲ੍ਹਾ ਪੁਲੀਸ ਤੋਂ ਮੰਗੀ ਹੈ।