ਤਿੰਨ ਦਿਨ ਪਹਿਲਾਂ ਕਰਤਾਰਪੁਰ ਸਾਹਿਬ 'ਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਗਏ ਇੱਕ ਜੱਥੇ 'ਚੋਂ ਗਾਇਬ ਹੋਈ ਸਿੱਖ ਲੜਕੀ ਸੋਮਵਾਰ ਨੂੰ ਮਿਲ ਗਈ ਹੈ। ਇਹ ਲੜਕੀ ਇੱਕ ਪਾਕਿਸਤਾਨੀ ਨੌਜਵਾਨ ਨੂੰ ਮਿਲਣ ਲਈ ਫੈਸਲਾਬਾਦ ਜਾ ਰਹੀ ਸੀ, ਜਿਸ ਨਾਲ ਉਸ ਦੀ ਦੋਸਤੀ ਫੇਸਬੁੱਕ 'ਤੇ ਹੋਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ 20 ਸਾਲਾ ਮਨਜੀਤ ਕੌਰ ਨਵੰਬਰ ਦੇ ਅੰਤਿਮ ਹਫਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਗਈ ਸੀ। ਮਨਜੀਤ ਕੌਰ ਦੀ ਉਸ ਪਾਕਿਸਤਾਨੀ ਨੌਜਵਾਨ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ। ਗੁਰਦੁਆਰਾ ਸਾਹਿਬ 'ਚ ਦੋਹਾਂ ਨੇ ਮੁਲਾਕਾਤ ਕੀਤੀ ਅਤੇ ਇੱਕ ਪਾਕਿਸਤਾਨੀ ਔਰਤ ਦਾ ਪਰਮਿਟ ਵਿਖਾ ਕੇ ਉਸ ਵਿਅਕਤੀ ਨਾਲ ਫੈਸਲਾਬਾਦ ਜਾਣ ਦੀ ਕੋਸ਼ਿਸ਼ ਕੀਤੀ।

ਦੋਵੇਂ ਗੁਰਦੁਆਰੇ 'ਚ ਮਿਲੇ ਅਤੇ ਉੱਥੋਂ ਫੈਸਲਾਬਾਦ ਲਈ ਨਿੱਕਲ ਗਏ। ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰਸਤੇ 'ਚ ਰੋਕ ਲਿਆ। ਪਾਕਿ ਅਧਿਕਾਰੀਆਂ ਮੁਤਾਬਕ ਮਨਜੀਤ ਕੌਰ ਉਸ ਵਿਅਕਤੀ ਨਾਲ ਫੈਸਲਾਬਾਦ ਜਾਣਾ ਚਾਹੁੰਦੀ ਸੀ ਪਰ ਸੁਰੱਖਿਆ ਬਲਾਂ ਨੇ ਉਸ ਨੂੰ ਸੀਮਤ ਖੇਤਰ ਤੋਂ ਬਾਹਰ ਨਹੀਂ ਜਾਣ ਦਿੱਤਾ। ਪਾਕਿ ਅਧਿਕਾਰੀਆਂ ਦਾ ਕਹਿਣ ਹੈ ਕਿ ਇਹ ਲੜਕੀ ਅੰਮ੍ਰਿਤਸਰ ਦੀ ਹੈ, ਜਦਕਿ ਭਾਰਤੀ ਮੀਡੀਆ ਮੁਤਾਬਕ ਉਹ ਹਰਿਆਣਾ ਦੇ ਰੋਹਤਕ ਦੀ ਹੈ।
ਪਾਕਿਸਤਾਨ ਪੁਲਿਸ ਨੇ ਪਾਕਿਸਤਾਨੀ ਨੌਜਵਾਨ ਅਤੇ ਉਸ ਦੇ ਦੋ ਦੋਸਤਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਇਸ 'ਚ ਇਕ ਮਹਿਲਾ ਵੀ ਹੈ। ਸੂਤਰਾਂ ਮੁਤਾਬਿਕ ਕਈ ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਸਾਰਿਆਂ ਨੂੰ ਉਨ੍ਹਾਂ ਦੇ ਘਰ ਜਾਣ ਦਿੱਤਾ ਗਿਆ।

ਉਧਰ ਇਸ ਮਾਮਲੇ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵਿਟਰ 'ਤੇ ਵੀਡੀਓ ਜਾਰ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਲੜਕੀ ਕਿਸੇ ਪਾਕਿਸਤਾਨੀ ਲੜਕੇ ਨੂੰ ਮਿਲਣ ਗਈ ਸੀ। ਇਹ ਲੜਕੀ ਹਰਿਆਣਾ ਦੀ ਰਹਿਣ ਵਾਲੀ ਹੈ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਬਹਾਨੇ ਕਿਸੇ ਪਾਕਿਸਤਾਨੀ ਲੜਕੇ ਨੂੰ ਮਿਲਣ ਗਈ ਸੀ।
ਹਰਿਆਣਾ ਵਾਸੀ ਸਿੱਖ ਲੜਕੀ ਫਿਲਹਾਲ ਪਾਕਿਸਤਾਨੀ ਫੌਜ ਦੇ ਰੇਂਜਰਾਂ ਦੀ ਸੁਰੱਖਿਆ 'ਚ ਹੈ। ਉਨ੍ਹਾਂ ਇਸ ਮਾਮਲੇ ਵਿੱਚ ਹਨੀ ਟਰੈਪ ਦਾ ਖ਼ਦਸ਼ਾ ਜਤਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਾਡੇ ਦੇਸ਼ ਦੀਆਂ ਬੱਚੀਆਂ ਨੂੰ ਬਹਿਲਾਇਆ-ਫੁਸਲਾਇਆ ਜਾ ਰਿਹਾ ਹੈ। ਇਹ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਿਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।