17ਵੀਂ ਲੋਕ ਸਭਾ ਦੀ ਚੋਣ ਲਈ ਐਤਕੀਂ 723 ਮਹਿਲਾ ਉਮੀਦਵਾਰ ਚੋਣ–ਮੈਦਾਨ 'ਚ ਨਿੱਤਰੀਆਂ ਸਨ; ਜਿਨ੍ਹਾਂ ਵਿੱਚੋਂ 76 ਸੰਸਦ ਵਿੱਚ ਪੁੱਜਣ 'ਚ ਸਫ਼ਲ ਹੋ ਸਕੀਆਂ ਹਨ। ਆਜ਼ਾਦ ਭਾਰਤ ਦੇ ਜਮਹੂਰੀ ਇਤਿਹਾਸ ਵਿੱਚ ਭਾਈਵਾਲੀ ਪੱਖੋਂ ਅਤੇ ਹੁਣ ਤੱਕ ਦੀਆਂ ਆਮ ਚੋਣਾਂ ਵਿੱਚ ਔਰਤਾਂ ਨੂੰ ਮਿਲੀ ਜਿੱਤ ਪੱਖੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਅਤੇ ਇੰਝ ਉਨ੍ਹਾਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਭਾਰਤ ਦੀ ਕਿਸੇ ਵੀ ਲੋਕ ਸਭਾ 'ਚ ਇੰਨੀ ਵੱਡੀ ਗਿਣਤੀ 'ਚ ਔਰਤਾਂ ਜਿੱਤ ਕੇ ਸੰਸਦ ਵਿੱਚ ਨਹੀਂ ਪੁੱਜੀਆਂ।
76 ਜੇਤੂ ਮਹਿਲਾ ਉਮੀਦਵਾਰਾਂ ਵਿੱਚੋਂ 28 ਦੋਬਾਰਾ ਚੋਣ ਜਿੱਤ ਕੇ ਪੁੱਜੀਆਂ ਹਨ। ਸਾਲ 2014 ਦੀ ਲੋਕ ਸਭਾ ਦੇ ਮੁਕਾਬਲੇ ਇਹ ਗਿਣਤੀ ਵੱਧ ਹੈ ਕਿਉਂਕਿ ਪਿਛਲੀ ਸਾਲ 2014 ਦੌਰਾਨ ਚੁਣੀ ਗਈ ਲੋਕ ਸਭਾ ਵਿੱਚ 66 ਮਹਿਲਾਵਾਂ ਚੁਣ ਕੇ ਸੰਸਦ ਪੁੱਜੀਆਂ ਸਨ। ਉਦੋਂ 663 ਔਰਤਾਂ ਨੇ ਚੋਣ ਲੜੀ ਸੀ।
ਪੰਜਾਬ 'ਚੋਂ ਇਸ ਵਾਰ ਦੋ ਮਹਿਲਾਵਾਂ ਨੇ ਚੋਣ ਜਿੱਤੀ ਹੈ; ਜਿਨ੍ਹਾਂ ਵਿੱਚੋਂ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਹਰਸਿਮਰਤ ਕੌਰ ਬਾਦਲ ਹਨ, ਜੋ ਬਠਿੰਡਾ ਹਲਕੇ ਤੋਂ ਚੋਣ ਜਿੱਤੇ ਹਨ। ਇੰਝ ਹੀ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੇ ਚੋਣ ਜਿੱਤੀ ਹੈ।
ਉੱਤਰ ਪ੍ਰਦੇਸ਼ ਤੋ਼ ਇਸ ਵਾਰ 10 ਔਰਤਾਂ ਚੁਣੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਭਾਜਪਾ ਦੀ ਟਿਕਟ ਉੱਤੇ 8 ਨੇ ਚੋਣ ਜਿੱਤੀ ਹੈ। ਸਾਲ 2104 ਦੌਰਾਨ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਤੋਂ 13 ਮਹਿਲਾ ਸੰਸਦ ਮੈਂਬਰ ਚੁਣੀਆਂ ਗਈਆਂ ਸਨ। ਅਮੇਠੀ ਹਲਕੇ 'ਚੋਂ ਇਸ ਵਾਰ ਸਮ੍ਰਿਤੀ ਈਰਾਨੀ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ।
ਉੱਧਰ ਮਹਾਰਾਸ਼ਟਰ ਤੋਂ ਇਸ ਵਾਰ ਅੱਠ ਔਰਤਾਂ ਸੰਸਦ ਮੈਂਬਰ ਬਣੀਆਂ ਹਨ; ਜਿਨ੍ਹਾਂ ਵਿੱਚੋਂ ਛੇ ਨੇ ਭਾਜਪਾ ਦੀ ਟਿਕਟ ਉੱਤੇ ਚੋਣ ਜਿੱਤੀ ਹੈ। ਪਿਛਲੀ ਲੋਕ ਸਭਾ 'ਚ ਮਹਾਰਾਸ਼ਟਰ ਤੋਂ 6 ਮਹਿਲਾਵਾਂ ਸੰਸਦ ਮੈਂਬਰ ਬਣੀਆਂ ਸਨ। ਮੁੰਬਈ ਉੱਤਰ–ਮੱਧ ਲੋਕ ਸਭਾ ਸੀਟ ਤੋਂ ਮਰਹੂਮ ਭਾਜਪਾ ਆਗੂ ਪ੍ਰਮੋਦ ਮਹਾਜਨ ਦੀ ਪੁੱਤਰ ਪੂਨਮ ਮਹਾਜਨ ਜੇਤੂ ਰਹੇ ਹਨ।
ਇਸ ਵਾਰ ਬਿਹਾਰ ਤੋਂ 3 ਅਤੇ ਪੱਛਮੀ ਬੰਗਾਲ ਤੋਂ 9 ਔਰਤਾਂ ਨੇ ਲੋਕ ਸਭਾ ਚੋਣ ਜਿੱਤੀ ਹੈ। ਬਿਹਾਰ 'ਚ ਸਾਰੀਆਂ ਤਿੰਨ ਔਰਤਾਂ ਨੇ ਭਾਜਪਾ ਦੀ ਟਿਕਟ ਉੱਤੇ ਚੋਣ ਜਿੱਤੀ ਹੈ।
ਲੋਕ ਸਭਾ 'ਚ ਇਸ ਵਾਰ ਸਭ ਤੋਂ ਵੱਧ ਭਾਜਪਾ ਦੀਆਂ 38 ਮਹਿਲਾ ਸੰਸਦ ਮੈਂਬਰ ਹੋਣਗੀਆਂ ਅਤੇ ਕਾਂਗਰਸ ਦੀਆਂ ਛੇ ਮਹਿਲਾਵਾਂ ਸੰਸਦ ਮੈਂਂਬਰ ਬਣੀਆਂ ਹਨ।