ਯੈੱਸ ਬੈਂਕ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਰਾਣਾ ਕਪੂਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਵਿੱਚ ਪੁੱਛਗਿੱਛ ਲਈ ਲਿਜਾਇਆ ਗਿਆ ਹੈ। ਈਡੀ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਘਰ ਛਾਪਾ ਮਾਰਿਆ। ਕਪੂਰ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੂਤਰਾਂ ਅਨੁਸਾਰ ਈਡੀ ਨੂੰ ਛਾਪੇਮਾਰੀ ਵਿੱਚ ਕਈ ਅਹਿਮ ਦਸਤਾਵੇਜ਼ ਮਿਲੇ ਹਨ। ਈਡੀ ਟੀਮ ਦਸਤਾਵੇਜ਼ਾਂ ਦੀ ਪੜਤਾਲ ਕਰ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਛਾਪਾ ਪੱਛਮੀ ਮੁੰਬਈ ਸਥਿਤ ਉਨ੍ਹਾਂ ਦੇ ਸਮੁੰਦਰ ਮਹਿਲ ਨਿਵਾਸ 'ਤੇ ਮਾਰਿਆ ਗਿਆ ਸੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਕੀਤੀ ਗਈ ਸੀ ਅਤੇ ਇਸ ਦਾ ਉਦੇਸ਼ ਹੋਰ ਸਬੂਤ ਇਕੱਠੇ ਕਰਨਾ ਸੀ।
Mumbai: Rana Kapoor, #YesBank founder has been taken to Enforcement Directorate office for questioning. More details awaited. pic.twitter.com/IvjtSaWpEm
— ANI (@ANI) March 7, 2020
ਕੇਂਦਰੀ ਏਜੰਸੀ ਕਪੂਰ ਦੀ ਭੂਮਿਕਾ ਇੱਕ ਕਾਰਪੋਰੇਟ ਇਕਾਈ ਨੂੰ ਕਰਜ਼ੇ ਦੀ ਵੰਡ ਅਤੇ ਉਸ ਤੋਂ ਬਾਅਦ ਕਥਿਤ ਤੌਰ 'ਤੇ ਉਸ ਦੀ ਪਤਨੀ ਦੇ ਖਾਤਿਆਂ ਵਿੱਚ ਪ੍ਰਾਪਤ ਹੋਈ ਕਥਿਤ ਵਾਪਸੀ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਕਥਿਤ ਬੇਨਿਯਮੀਆਂ ਵੀ ਏਜੰਸੀ ਦੀ ਜਾਂਚ ਅਧੀਨ ਹਨ।
ਅਧਿਕਾਰੀਆਂ ਨੇ ਕਿਹਾ ਕਿ ਕਪੂਰ ਖ਼ਿਲਾਫ਼ ਕੇਸ ਵੀ ਡੀਐੱਚਐਫਐਲ ਦੀ ਜਾਂਚ ਨਾਲ ਸਬੰਧਤ ਸੀ ਕਿਉਂਕਿ ਬੈਂਕ ਨੇ ਕਥਿਤ ਤੌਰ ’ਤੇ ਕੰਪਨੀ ਨੂੰ ਐਨਪੀਏ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ, ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਯੈੱਸ ਬੈਂਕ ਦੇ ਬੋਰਡ ਨੂੰ ਭੰਗ ਕਰ ਦਿੱਤਾ ਅਤੇ ਗਾਹਕਾਂ ਵੱਲੋਂ ਖਾਤਿਆਂ ਵਿੱਚੋਂ ਹਰ ਮਹੀਨੇ 50,000 ਰੁਪਏ ਤੋਂ ਵੱਧ ਕਢਵਾਉਣ 'ਤੇ ਪਾਬੰਦੀ ਲਗਾਈ ਹੈ।