ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਵਿਚ ਕਥਿਤ ਤੌਰ 'ਤੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਦੋਸ਼ੀਆਂ ਨੇ ਪਿਸ਼ਾਬ ਪਿਆਇਆ, ਜਿਸ ਕਾਰਨ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਉਸਨੇ ਫਾਹੇ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨਾਂ ਨੇ ਖੁਦਕੁਸ਼ੀ ਨੋਟ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕਰਕੇ ਆਪਣਾ ਦੁੱਖ ਜ਼ਾਹਰ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵਿਕਾਸ ਸ਼ਰਮਾ ਨੇ ਅਮੋਲਾ ਥਾਣੇ ਅਧੀਨ ਪੈਂਦੇ ਪਿੰਡ ਬਗਰਾ ਸਜੌਰ ਵਿਖੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸਨੇ ਖੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕੀਤਾ, ਜਿਸ ਚ ਉਸਨੇ ਦੱਸਿਆ ਹੈ ਕਿ ਉਹ ਇਸ ਘਟਨਾ ਕਾਰਨ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਰਿਹਾ ਹੈ।
ਪੁਲਿਸ ਅਨੁਸਾਰ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਨ ਦੇ ਨਾਲ ਹੀ ਵਿਕਾਸ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਹੈ ਜਿਸ ਵਿਚ ਉਸਨੇ ਕਿਹਾ ਹੈ ਕਿ ਜਦੋਂ ਉਹ ਪਿਛਲੇ ਦਿਨੀਂ ਹੈਂਡ ਪੰਪ ’ਤੇ ਪਾਣੀ ਭਰਨ ਗਿਆ ਸੀ ਤਾਂ ਉਸਦਾ ਪਾਣੀ ਭਰਨ ਵੇਲੇ ਉਥੇ ਤਿੰਨ ਹੋਰ ਲੋਕਾਂ ਨਾਲ ਝਗੜਾ ਹੋਇਆ ਸੀ। ਉਨ੍ਹਾਂ ਨੇ ਮਿਲ ਕੇ ਕੁੱਟਿਆ ਤੇ ਫਿਰ ਉਸ ਨੂੰ ਪਿਸ਼ਾਬ ਪਿਆਇਆ। ਉਹ ਇਸ ਘਟਨਾ ਕਾਰਨ ਖੁਦਕੁਸ਼ੀ ਕਰ ਰਿਹਾ ਹੈ।
ਅਮੋਲਾ ਥਾਣੇ ਦੇ ਇੰਚਾਰਜ ਅਮਿਤ ਚਤੁਰਵੇਦੀ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।