ਡਿਪਰੈਸ਼ਨ `ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਸਮੱਸਿਆ `ਚ ਕਾਫੀ ਲੋਕਾਂ ਨੂੰ ਨੀਂਦ ਵੀ ਨਹੀਂ ਆਉਂਦੀ। ਇਸ ਦਾ ਕਾਰਨ ਲੱਭਣ ਲਈ ਕਰੀਬ 100 ਸਾਲ ਦੇ ਅਧਿਐਨ `ਚ ਲੱਗੇ ਮਾਹਰਾਂ ਨੇ ਇਸਦਾ ਕਾਰਨ ਦੱਸਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦਿਮਾਗ ਦੇ ਤਿੰਨ ਹਿੱਸੇ ਡਿਪਰੈਸ਼ਨ `ਚ ਇਕ ਦੂਜੇ ਨਾਲ ਮਜ਼ਬੂਤੀ ਨਾਲ ਜੁੜ ਜਾਂਦੇ ਹਨ। ਇਸ ਕਾਰਨ ਪੀੜਤ ਵਿਅਕਤੀ ਦੇ ਦਿਮਾਗ `ਚ ਬੁਰੇ ਖਿਆਲ ਆਉਂਦੇ ਹਨ, ਜਿਸ ਕਾਰਨ ਨੀਂਦ ਨਹੀਂ ਆਉਂਦੀ।
ਨਕਾਰਾਤਮਕ ਵਿਚਾਰ ਪਾਉਂਦੇ ਨੇ ਨੀਂਦ ਰੁਕਾਵਟ
ਇਹ ਅਧਿਐਨ ਵਾਰਵਿਕ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਵੱਲੋਂ ਕੀਤਾ ਗਿਆ ਹੈ। ਇਸ ਨਾਲ ਡਿਪਰੈਸ਼ਨ ਦੀ ਸਮੱਸਿਆ ਨਾਲ ਲੜ ਰਹੇ ਲੱਖਾਂ ਲੋਕਾਂ ਨੂੰ ਮਦਦ ਮਿਲੇਗੀ।ਡਿਪਰੈਸ਼ਨ ਦੇ ਮਰੀਜ਼ਾਂ ਨੂੰ ਰਾਤ `ਚ ਨੀਂਦ ਨਾ ਆਉਣ ਦੇ ਕਾਰਨਾਂ ਨੂੰ ਲੱਭਣ ਲਈ ਦੁਨੀਆਂ ਦੇ ਕਈ ਦੇਸ਼ਾਂ ਦੇ ਮਾਹਰ 100 ਸਾਲ ਤੋਂ ਖੋਜ `ਚ ਲੱਗੇ ਸਨ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਡਿਪਰੈਸ਼ਨ ਦੇ ਸਿ਼ਕਾਰ ਲੋਕਾਂ ਨੂੰ ਸੋਣ ਲਈ ਕਾਫੀ ਜਦੋ ਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਬੁਰੇ-ਬੁਰੇ ਖਿਆਲ ਆਉਂਦੇ ਹਨ। ਨਕਾਰਾਤਮਕ ਭਾਵਨਾਵਾਂ ਅਤੇ ਖੁਦ ਨੂੰ ਲੈ ਕੇ ਹੀਨ ਭਾਵਨਾ ਵਰਗੀ ਸੋਚ ਆਪਸ `ਚ ਜੁੜ ਜਾਂਦੀ ਹੈ।
ਇਲਾਜ ਲਈ ਮਿਲੇਗੀ ਮਦਦ
ਪ੍ਰਮੁੱਖ ਖੋਜਕਰਤਾ ਪ੍ਰੋਫੈਸਰ ਜਿਆਨਫੇਂਗ ਨੇ ਕਿਹਾ ਕਿ ਅਧਿਐਨ ਦੇ ਨਤੀਜੇ ਡਿਪਰੈਸ਼ਨ ਦੇ ਮਰੀਜ਼ਾਂ ਦੇ ਇਲਾਜ ਲਈ ਰਾਹ ਖੁੱਲ੍ਹਣਗੇ। ਉਨ੍ਹਾਂ ਦੀ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਦਾ ਥੇਰੇਪੀ ਜਾਂ ਗੋਲੀਆਂ ਨਾਲ ਇਲਾਜ ਕਰਨ `ਚ ਮਾਹਰਾਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਡਿਪਰੈਸ਼ਨ ਅਤੇ ਨੀਂਦ ਦਾ ਸਬੰਧ ਕਾਫੀ ਡੁੰਘਾ ਹੈ। ਹੁਣ ਪਹਿਲੀ ਬਾਰ ਇਨ੍ਹਾਂ ਦੋਵਾਂ `ਚ ਨਰੂਅਲ ਮਕੈਨਿਜਮ ਦਾ ਪਤਾ ਲਗਾਉਣ `ਚ ਸਫਲ ਹੋਏ ਹਾਂ।
ਡਿਪਰੈਸ਼ਨ ਦੇ ਇਕ ਤਿਹਾਈ ਮਰੀਜ਼ਾਂ ਨੂੰ ਹੁੰਦੀ ਹੈ ਨੀਂਦ ਦੀ ਮੁਸ਼ਕਲ
ਦੁਨੀਆ `ਚ ਤਕਰੀਬਨ 21 ਕਰੋੜ ਤੋਂ ਜਿ਼ਆਦਾ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਡਿਪਰੈਸ਼ਨ ਦੇ ਸਿ਼ਕਾਰ ਹਨ। ਖੋਜ `ਚ ਇਹ ਸਾਬਤ ਹੋਇਆ ਹੈ ਕਿ ਡਿਪਰੈਸ਼ਨ ਦੇ ਇਕ ਤਿਹਾਈ ਮਰੀਜ਼ਾਂ ਨੂੰ ਨੀਂਦ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।