ਗੁਜਰਾਤ ਦੇ ਸਹਿਕਾਰੀ ਸੰਗਠਨ ‘ਅਮੂਲ’ ਨੇ ਊਠਣੀ ਦਾ ਦੁੱਧ ਬਾਜ਼ਾਰ ’ਚ ਲਿਆਂਦਾ ਹੈ। ਫ਼ਿਲਹਾਲ ਇਹ ਦੁੱਧ ਅਹਿਮਦਾਬਾਦ, ਗਾਂਧੀਨਗਰ ਅਤੇ ਕੱਛ ਵਿੱਚ ਉਪਲਬਧ ਹੋਵੇਗਾ। ਕੰਪਲੀ ਵੱਲੋਂ ਇਸ ਦੁੱਧ ਦੀ ਕੀਮਤ 50 ਰੁਪਏ ਅੱਧਾ ਲਿਟਰ ਰੱਖੀ ਗਈ ਹੈ ਤੇ ਅੱਧਾ ਲਿਟਰ ਦੀ ਬੋਤਲ ਦੀ ਪੈਕਿੰਗ ਹੁਣ ਬਾਜ਼ਾਰ ਵਿੱਚ ਵਿਕ ਰਹੀ ਹੈ।
ਅਮੂਲ ਦੇ ਐੱਮਡੀ ਆਰ.ਐੱਸ. ਸੋਢੀ ਨੇ ਦੱਸਿਆ ਕਿ ਇਹ ਦੁੱਧ ਸ਼ੂਗਰ ਰੋਗੀਆਂ ਲਈ ਕੁਦਰਤੀ ਇਲਾਜ ਵਜੋਂ ਕੰਮ ਕਰੇਗਾ। ਊਠਣੀ ਦਾ ਦੁੱਧ ਛੇਤੀ ਹੀ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਉਪਲਬਧ ਕਰਵਾਇਆ ਜਾ ਸਕਦਾ ਹੈ; ਇਸ ਲਈ ਅਮੂਲ ਕਈ ਮਹੀਨਿਆਂ ਤੋਂ ਤਿਆਰੀ ਕਰ ਰਿਹਾ ਸੀ।
ਊਠਣੀ ਦੇ ਦੁੱਧ ਦੀ ਸਪਲਾਈ ਕੱਛ ਜ਼ਿਲ੍ਹਾ ਮਿਲਕ ਫ਼ੈਡਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ। ਪਿਛਲੇ ਵਰ੍ਹੇ ਅਮੂਲ ਨੇ ਊਠਣੀ ਦੇ ਦੁੱਧ ਨਾਲ ਬਣਿਆ ਚਾਕਲੇਟ ਉਤਾਰਿਆ ਸੀ, ਜਿਸ ਨੂੰ ਬਾਜ਼ਾਰ ਵਿੱਚ ਵਧੀਆ ਹੁੰਗਾਰਾ ਮਿਲਿਆ ਸੀ। ਇਸ ਚਾਕਲੇਟ ਦਾ ਉਤਪਾਦਨ ਗੁਜਰਾਤ ਦੇ ਸ਼ਹਿਰ ਆਨੰਦ ’ਚ ਕੀਤਾ ਜਾ ਰਿਹਾ ਹੈ।
ਊਠਣੀ ਦੇ ਦੁੱਧ ਨੂੰ ਬਾਜ਼ਾਰ ਵਿੱਚ ਪੇਸ਼ ਕਰਨ ਨਾਲ ਊਠ–ਪਾਲਕ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ। ਉਂਝ ਇਹ ਦੁੱਧ ਕੁਝ ਛੇਤੀ ਖ਼ਰਾਬ ਹੋ ਜਾਂਦਾ ਹੈ। ਸਾਲ 2016 ਦੌਰਾਨ ਭਾਰਤੀ ਖ਼ੁਰਾਕ ਸਟੈਂਡਰਡ ਸੰਸਥਾ ਐੱਫ਼ਐੱਸਐੱਸਆਈ ਨੇ ਮਿਆਰੀਕਰਨ ਤੋਂ ਬਾਅਦ ਊਠਣੀ ਦਾ ਦੁੱਧ ਬਾਜ਼ਾਰ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਸੀ।
ਊਠਣੀ ਦੇ ਦੁੱਧ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਸ਼ੂਗਰ (ਸ਼ੱਕਰ ਜਾਂ ਡਾਇਬਟੀਜ਼) ਰੋਗੀਆਂ ਲਈ ਬਹੁਤ ਲਾਹੇਵੰਦ ਰਹਿੰਦਾ ਹੈ। ਜੇ ਹਾਜ਼ਮਾ ਕੁਝ ਖ਼ਰਾਬ ਹੋਵੇ, ਤਦ ਇਹ ਦੁੱਧ ਵਧੀਆ ਰਹਿੰਦਾ ਹੈ। ਬੀਮਾਰੀਆਂ ਨਾਲ ਲੜਨ ਦੀ ਤਾਕਤ ਇਸ ਦੁੱਧ ਨਾਲ ਵਧਦੀ ਹੈ। ਡਾਕਟਰ ਅਕਸਰ ਊਠਣੀ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ।