ਸਹੀ ਜੀਵਨ ਸਾਥੀ ਨਾ ਮਿਲਣਾ ਕਿੰਨਾ ਤਕਲੀਫਦਾਇਕ ਹੁੰਦਾ ਹੈ, ਇਹ ਤਾਂ ਅਸੀਂ ਸਭ ਜਾਣਦੇ ਹਾਂ। ਪ੍ਰੰਤੂ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਅੱਜ ਦੀਆਂ ਸਫਲ ਅਤੇ ਆਤਮ ਨਿਰਭਰ ਲੜਕੀਆਂ ਮਿਸਟਰ ਰਾਈਟ ਤੋਂ ਘੱਟ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਉਹ ਦਿਨ ਲੱਦ ਗਏ ਹਨ, ਜਦੋਂ ਲੜਕੀਆਂ ਆਪਣੇ ਤੋਂ ਘੱਟ ਗੁਣਾਂ ਵਾਲੇ ਵਿਅਕਤੀ ਨੂੰ ਆਪਣਾ ਜੀਵਨ ਸਾਥੀ ਬਣਾਉਣ ਤੋਂ ਨਹੀਂ ਝਿਜਕਦੀਆਂ ਸਨ।
ਲੜਕੀਆਂ ਹੁਣ ਆਪਣੇ ਤੋਂ ਘੱਟ ਵਿਦਿਅਕ ਯੋਗਤਾ ਅਤੇ ਵਿੱਤੀ ਸਥਿਤੀ ਵਾਲੇ ਲੜਕਿਆਂ ਨਾਲ ਵਿਆਹ ਕਰਾਉਣ ਲਈ ਸੋਚਦੀਆਂ ਤੱਕ ਨਹੀਂ ਹਨ। ਭਾਵੇਂ ਇਸ ਲਈ ਉਨ੍ਹਾਂ ਨੂੰ ਕਿੰਨੀ ਵੀ ਲੰਬੀ ਉਡੀਕ ਕਰਨੀ ਪਵੇ। ਅਮਰੀਕਾ ਦੀ ਕੋਰਨਲ ਯੂਨੀਵਰਸਿਟੀ `ਚ ਸਮਾਜ ਸ਼ਾਸਤਰ ਵਿਭਾਗ `ਚ ਪ੍ਰੋਫੈਸਰ ਅਤੇ ਪ੍ਰਮੁੱਖ ਖੋਜ ਕਰਤਾ ਡੇਨੀਅਲ ਲਿਟਰ ਤੇ ਬਰਮਿੰਘਮ ਯੂਨੀਵਰਸਿਟੀ ਤੋਂ ਸਹਿ ਖੋਜ ਕਰਤਾ ਜੋਸੇਫ ਪ੍ਰਾਇਸ ਦਾ ਕਹਿਣਾ ਹੈ ਕਿ ਅਣਵਿਆਹੀਆਂ ਲੜਕੀਆਂ ਅਜਿਹੇ ਵਿਅਕਤੀ ਨਾਲ ਵਿਆਹ ਕਰਵਾਉਣ ਲਈ ਸੋਚਦੀਆਂ ਹਨ, ਜਿਨ੍ਹਾਂ ਦੀ ਕਮਾਈ ਉਨ੍ਹਾਂ ਤੋਂ 66 ਫੀਸਦੀ ਜਿ਼ਆਦਾ ਹੋਵੇ ਅਤੇ ਕਾਲਜ ਦੀ ਡਿਗਰੀ ਦਾ ਦਰਜਾ 49 ਫੀਸਦੀ ਜਿ਼ਆਦਾ ਉਚੀ ਹੋਵੇ।
ਖੋਜ ਕਰਤਾਵਾਂ ਨੇ ਇਸ ਨਤੀਜੇ `ਤੇ ਪਹੁੰਚਣ ਲਈ ਮਾਹਿਰਾਂ ਦੇ ਤਕਰੀਬਨ ਇਕ ਕਰੋੜ ਤੋਂ ਜਿ਼ਆਦਾ ਪਰਿਵਾਰਾਂ ਨੂੰ ਸਰਵੇ `ਚ ਸ਼ਾਮਲ ਕੀਤਾ ਹੈ। ਇਹ ਅੰਕੜੇ ਯੂਐਸ ਸੈਂਸਸ ਬਿਊਰੋ ਨੇ ਜਾਰੀ ਕੀਤੇ ਸਨ। ਇਸ `ਚ ਉਨ੍ਹਾਂ 25 ਸਾਲ ਤੋਂ 45 ਸਾਲ ਦੇ ਸ਼ਾਦੀਸ਼ੁਦਾ ਜੋੜਿਆਂ `ਤੇ ਅਧਿਐਨ ਕੀਤਾ ਹੈ। ਆਪਣੇ ਖੋਜ ਪੱਤਰ ਮਿਸਮੈਚੇਜ਼ ਇਨ ਏ ਮੈਰਿਜ ਮਾਰਕਿਟ `ਚ ਉਨ੍ਹਾਂ ਇਹ ਮੰਨਿਆ ਕਿ ਔਰਤਾਂ ਆਪਣੇ ਲਈ ਬਰਾਬਰ ਯੋਗਤਾ ਵਾਲੇ ਪੁਰਸ਼ ਤਲਾਸ਼ ਰਹੀਆਂ ਹਨ। ਅਧਿਐਨ `ਚ ਕਿਹਾ ਗਿਆ ਹੈ ਕਿ 55 ਫੀਸਦੀ ਮਹਿਲਾਵਾਂ 43 ਫੀਸਦੀ ਪੁਰਸ਼ਾਂ ਦੇ ਮੁਕਾਬਲੇ 30 ਸਾਲ ਦੀ ਉਮਰ `ਚ ਉੱਚ ਸਿੱਖਿਆ ਲੈ ਰਹੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਅਜਿਹੇ ਪਰਿਵਾਰਾਂ ਦੀ ਗਿਣਤੀ ਪਿਛਲੇ 40 ਸਾਲ `ਚ ਕਾਫੀ ਘੱਟ ਹੋ ਗਈ, ਜਿਨ੍ਹਾਂ `ਚ ਸਿਰਫ ਇਕ ਹੀ ਵਿਅਕਤੀ ਕਮਾ ਰਿਹਾ ਹੁੰਦਾ ਸੀ।