ਬਾਲੀਵੁੱਡ ਦੇ ਉੱਘੇ ਅਦਾਕਾਰ ਤੇ ਡਾਇਰੈਕਟਰ ਸਤੀਸ਼ ਕੌਸ਼ਿਕ ਵੀ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਚੰਡੀਗੜ੍ਹ ਪੁੱਜੇ ਹੋਏ ਹਨ।
ਸ੍ਰੀ ਕੌਸ਼ਿਕ ਦਰਅਸਲ ਸ੍ਰੀਮਤੀ ਕਿਰਨ ਖੇਰ ਤੇ ਉਨ੍ਹਾਂ ਦੇ ਪਤੀ ਅਨੁਪਮ ਖੇਰ ਦੇ ਦੋਸਤ ਹਨ। ਸ਼ੁੱਕਰਵਾਰ ਨੂੰ ਜਦੋਂ ਭਾਜਪਾ ਵੱਲੋਂ ਤਿੰਨ ਕਿਲੋਮੀਟਰ ਲੰਮੀ ‘ਪਦ–ਯਾਤਰਾ’ ਕੱਢੀ ਗਈ ਸੀ, ਤਦ ਸ੍ਰੀ ਸਤੀਸ਼ ਕੌਸ਼ਿਕ ਵੀ ਚੰਡੀਗੜ੍ਹ ਭਾਜਪਾ ਦੇ ਮੁਖੀ ਸ੍ਰੀ ਸੰਜੇ ਟੰਡਨ ਦੇ ਨਾਲ ਸਨ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਸ਼ਕਤੀ ਦੇਵਸ਼ਾਲੀ ਤੇ ਜਗਤਾਰ ਸਿੰਘ ਜੱਗਾ, ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸੈਨੀ, ਮਨੂ ਭਸੀਨ, ਸਵਰਨ ਸਿੰਘ,, ਓਮ ਪ੍ਰਕਾਸ਼ ਬੁੱਧੀਰਾਜਾ, ਕ੍ਰਿਸ਼ਨਾ ਬੱਬਰ, ਸ੍ਰੀਕਾਂਤ ਤੇ ਹੋਰ ਮੌਜੂਦ ਸਨ।
ਸ੍ਰੀ ਸਤੀਸ਼ ਕੌਸ਼ਿਕ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਇਹ ਵੇਖ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਬਾਲੀਵੁੱਡ ਵਿੱਚ ਉਨ੍ਹਾਂ ਦੇ ਸਾਥੀ ਕਿਰਨ ਖੇਰ ਸਿਨੇਮਾ ਵਿੱਚ ਹੀ ਨਹੀਂ, ਸਗੋਂ ਇੱਕ ਐੱਮਪੀ ਵਜੋਂ ਵੀ ਵਧੀਆ ਕੰਮ ਕਰ ਰਹੇ ਹਨ।
ਇਸ ਮੌਕੇ ਸ੍ਰੀ ਟੰਡਨ ਨੇ ਕਿਹਾ ਕਿ ਦੇਸ਼ ਦੀ ਜਨਤਾ ਜਿੱਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੀ ਹੈ, ਉੱਥੇ ਚੰਡੀਗੜ੍ਹ ਦੇ ਲੋਕ ਵੀ ਦੋਬਾਰਾ ਕਿਰਨ ਖੇਰ ਹੁਰਾਂ ਨੂੰ ਆਪਣੇ ਐੱਮਪੀ ਵਜੋਂ ਵੇਖਣਾ ਚਾਹੁੰਦੇ ਹਨ।