ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਨੰਦਪੁਰ ਸਾਹਿਬ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਸ੍ਰੀ ਬੀਰ ਦਵਿੰਦਰ ਸਿੰਘ (69) ਅੱਜ–ਕੱਲ੍ਹ ਪੂਰੀ ਸਰਗਰਮੀ ਨਾਲ ਚੋਣ–ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼:
ਸ੍ਰੀ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਨੰਦਪੁਰ ਸਾਹਿਬ ਸੀਟ ਉੱਤੇ ਅਸਲ ਮੁਕਾਬਲਾ ਉਨ੍ਹਾਂ ਤੇ ਕਾਂਗਰਸ ਦੇ ਮਨੀਸ਼ ਤਿਵਾੜੀ ਵਿਚਾਲੇ ਹੀ ਹੋਵੇਗਾ। ਉਂਝ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਸ੍ਰੀ ਤਿਵਾੜੀ ਨੂੰ ਵੀ ਜਾਣਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਜਾਣਦੇ ਹਨ। ‘ਹਾਲੇ ਮੈਂ ਨੰਬਰ ਦੋ ਉੱਤੇ ਚੱਲ ਰਿਹਾ ਹਾਂ ਪਰ ਕੁਝ ਹਫ਼ਤਿਆਂ ਦੇ ਚੋਣ–ਪ੍ਰਚਾਰ ਤੋਂ ਬਾਅਦ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਹੀ ਮੋਹਰੀ ਉਮੀਦਵਾਰ ਹੋਵਾਂਗਾ।’
ਸ੍ਰੀ ਬੀਰ ਦੇਵਿੰਦਰ ਸਿੰਘ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਹਾਲੇ ਉਨ੍ਹਾਂ ਦੀ ਪਾਰਟੀ ਕੋਲ ਵਸੀਲਿਆਂ ਦੀ ਕੁਝ ਘਾਟ ਜ਼ਰੂਰ ਹੈ ਪਰ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਆਪਣੇ ਹਲਕੇ ਦੇ ਵਿਕਾਸ ਉੱਤੇ ਵਧੇਰੇ ਜ਼ੋਰ ਦੇਣਗੇ। ਉਨ੍ਹਾਂ ਕਿਹਾ ਕਿ ਐੱਮਪੀ ਬਣਨ ਤੋਂ ਬਾਅਦ ਉਹ ਵੱਡੇ ਇਲਾਕੇ ਨੂੰ ਮੋਹਾਲੀ ਨਗਰ ਨਿਗਮ ਅਧੀਨ ਲੈ ਕੇ ਆਉਣਗੇ, ਤਦ ਵਿਕਾਸ ਵਿੱਚ ਕੁਝ ਤਾਲਮੇਲ ਬੈਠ ਸਕੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਇਲਾਕੇ ਦੀ ਮੁੱਖ ਵਿਕਾਸ ਏਜੰਸੀ ‘ਗਮਾਡਾ’ ਵੀ ਉਨ੍ਹਾਂ ਆਪਣੇ ਵਿਧਾਇਕ ਦੇ ਕਾਰਜਕਾਲ ਦੌਰਾਨ ਹੀ ਸਥਾਪਤ ਕਰਵਾਈ ਸੀ।