ਹਰਿਆਣਾ ’ਚ ਵੋਟਾਂ ਪਾਉਣ ਦਾ ਕੰਮ ਲਗਾਤਾਰ ਜਾਰੀ ਹੈ; ਜਿੱਥੇ 10 ਸੀਟਾਂ ਉੱਤੇ ਵੋਟਾਂ ਪੈ ਰਹੀਆਂ ਹਨ। ਇੱਥੇ 1.80 ਕਰੋੜ ਤੋਂ ਵੱਧ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ। ਇੱਥੇ ਕੁੱਲ 223 ਉਮੀਦਵਾਰ ਚੋਣ ਮੈਦਾਨ ’ਚ ਹਨ ਤੇ ਇੱਥੇ ਕੁੱਲ ਪੋਲਿੰਗ ਸਟੇਸ਼ਨ 19,441 ਹੋਣਗੇ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸਵੇਰੇ ਚੰਡੀਗੜ੍ਹ ਤੋਂ ਆਪਣੀ ਵੋਟ ਪਾਉਣ ਲਈ ਕਰਨਾਲ ਵਾਸਤੇ ਰਵਾਨਾ ਹੋਏ। ਪਹਿਲਾਂ ਉਨ੍ਹਾਂ ਦੀ ਵੋਟ ਰੋਹਤਕ ’ਚ ਹੁੰਦੀ ਸੀ ਪਰ ਉਨ੍ਹਾਂ ਨੇ ਇਹ ਹੁਣ ਕਰਨਾਲ ਵਿੱਚ ਤਬਦੀਲ ਕਰਵਾ ਲਈ ਹੈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਆਮ ਜਨਤਾ ਨੂੰ ਵਧ–ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਉੱਧਰ ਰਾਜ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੋਟ ਪਾਈ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਤੇ ਉਨ੍ਹਾਂ ਦੀ ਪਤਨੀ ਮਾਕੇਨ ਤੰਵਰ ਨੇ ਸਿਰਸਾ ਵਿਖੇ ਵੋਟ ਪਾਈ।
ਉੱਧਰ ਭਿਵਾਨੀ–ਮਹਿੰਦਰਗੜ੍ਹ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸ਼ਰੁਤੀ ਚੌਧਰੀ ਨੇ ਆਪਣੀ ਮਾਂ ਕਿਰਨ ਚੌਧਰੀ ਨਾਲ ਵੋਟ ਪਾਈ।
ਹਿਸਾਰ ਤੋਂ ਉਮੀਦਵਾਰ ਦੁਸ਼ਯੰਤ ਚੌਟਾਲਾ ਨੇ ਆਪਣੀ ਮਾਂ ਤੇ ਪਤਨੀ ਨਾਲ ਸਿਰਸਾ ’ਚ ਵੋਟਾਂ ਪਾਈਆਂ। ਉਚਾਣਾ ’ਚ ਬਰਜਿੰਦਰ ਸਿੰਘ ਤੇ ਆਦਮਪੁਰ ਵਿਖੇ ਭੱਵਯਾ ਬਿਸ਼ਨੋਈ, ਕੁਲਦੀਪ ਤੇ ਰੇਣੂਕਾ ਬਿਸ਼ਨੋਈ ਨੇ ਵੀ ਆਪੋ–ਆਪਣੀਆਂ ਵੋਟਾਂ ਪਾਈਆਂ।