ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਿਆਸਤ ਦੀ ਪਿੱਚ ਉੱਤੇ ਆਪਣੇ ਪਹਿਲੇ ਜਤਨ ਵਿੱਚ ਜਿੱਥੇ ਸਫ਼ਲਤਾ ਹਾਸਲ ਕਰ ਕੇ ਪੂਰਬੀ ਦਿੱਲੀ ਤੋਂ ਜਿੱਤ ਦਰਜ ਕੀਤੀ, ਉੱਥੇ ਉਲੰਪਿਕ ਤਮਗ਼ਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਕਿਸਮਤ ਨੇ ਸਾਥ ਨਹੀਂ ਦਿੱਤਾ।
ਦੱਖਣੀ ਦਿੱਲੀ ਸੀਟ ਉੱਤੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੂੰ ਲਗਭਗ ਤਿੰਨ ਲੱਖ 67 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। ਕਾਂਗਰਸ ਦੇ ਉਮੀਦਵਾਰ ਵਿਜੇ਼ਦਰ ਸਿੰਘ ਤੀਜੇ ਸਥਾਨ ਉੱਤੇ ਰਹੇ ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ।
ਗੰਭੀਰ ਨੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਨੂੰ 3 ਲੱਖ 91 ਹਜ਼ਾਰ 22 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ, ਜਦ ਕਿ ਆਮ ਆਦਮੀ ਪਾਰਟੀ ਦੇ ਆਤਿਸ਼ੀ ਤੀਜੇ ਸਥਾਨ ਉੱਤੇ ਰਹੇ।
ਇੱਥੇ ਵਰਨਣਯੋਗ ਹੈ ਕਿ ਮੋਦੀ ਲਹਿਰ ਉੱਤੇ ਸਵਾਰ ਭਾਜਪਾ ਨੇ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੀਆਂ ਸੱਤ ਸੀਟਾਂ ਉੱਤੇ ਵੱਡੀ ਜਿੱਤ ਦਰਜ ਕੀਤੀ। ਭਾਜਪਾ ਦੇ ਸਾਰੇ ਉਮੀਦਵਾਰਾਂ ਨੇ 50 ਫ਼ੀ ਸਦੀ ਤੋਂ ਵੱਧ ਵੋਟਾਂ ਹਾਸਲ ਕਰਦਿਆਂ ਵੱਡੇ ਫਰਕ ਨਾਲ ਆਪਣੀ ਜਿੱਤ ਦਾ ਝੰਡਾ ਲਹਿਰਾਇਆ।