ਫ਼ਿਲਮ ਅਦਾਕਾਰੀ ਤੋਂ ਸਿਆਸਤ ’ਚ ਆਏ ਸ਼ਤਰੂਘਨ ਸਿਨਹਾ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਛੱਡਣ ਦਾ ਐਲਾਨ ਕਰ ਚੁੱਕੇ ਹਨ। ਅੱਜ ਉਨ੍ਹਾਂ ਦੱਸਿਆ ਕਿ ਉਨ੍ਹਾਂ ਕਾਂਗਰਸ ਪਾਰਟੀ ਨਾਲ ਜਾਣ ਦਾ ਫ਼ੈਸਲਾ ਇਸ ਲਈ ਕੀਤਾ ਹੈ ਕਿਉਂਕਿ ਇਹ ਸਹੀ ਅਰਥਾਂ ਵਿੱਚ ਇੱਕ ਰਾਸ਼ਟਰੀ ਪਾਰਟੀ ਹੈ ਤੇ ਉਨ੍ਹਾਂ ਦੇ ਪਰਿਵਾਰਕ ਦੋਸਤ ਲਾਲੂ ਪ੍ਰਸਾਦ ਯਾਦਵ ਨੇ ਵੀ ਉਨ੍ਹਾਂ ਨੂੰ ਇੰਝ ਕਰਨ ਦੀ ਸਲਾਹ ਦਿੱਤੀ ਸੀ।
ਸ੍ਰੀ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਮੁਖੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੇ ਆਗੂਆਂ ਸਮੇਤ ਹੋਰ ਬਹੁਤ ਸਾਰੇ ਆਗੂ ਇਹੋ ਚਾਹੁੰਦੇ ਸਨ ਕਿ ਉਹ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਪਰ ਉਨ੍ਹਾਂ ਸਾਫ਼ ਆਖ ਦਿੱਤਾ ਸੀ ਕਿ ਹਾਲਾਤ ਭਾਵੇਂ ਜੋ ਵੀ ਹੋਣ, ਪਰ ਉਹ ਚੋਣ ਸਿਰਫ਼ ਪਟਨਾ ਸਾਹਿਬ ਤੋਂ ਹੀ ਲੜਨਗੇ।
ਪਿਛਲੇ ਲੰਮੇ ਸਮੇਂ ਤੋਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਆ ਰਹੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਲੰਮਾ ਸਮਾਂ ਭਾਜਪਾ ਨਾਲ ਜੁੜੇ ਰਹੇ, ਉਸ ਨੂੰ ਛੱਡਣਾ ਕਾਫ਼ੀ ਤਕਲੀਫ਼ਦੇਹ ਹੈ ਪਰ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਅਰੁਣ ਸ਼ੌਰੀ ਤੇ ਯਸ਼ਵੰਤ ਸਿਨਹਾ ਜਿਹੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ, ਉਸ ਤੋਂ ਉਹ ਡਾਢੇ ਦੁਖੀ ਸਨ।
ਚੇਤੇ ਰਹੇ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਸ੍ਰੀ ਅਡਵਾਨੀ ਤੇ ਸ੍ਰੀ ਜੋਸ਼ੀ ਨੂੰ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ। ਪੀਟੀਆਈ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਪਾਰਟੀ ਤੋਂ ਬਗ਼ੈਰ ਕਿਸੇ ਸਹਿਯੋਗ ਦੇ ਉਨ੍ਹਾਂ ਸਾਲ 2014 ਦੌਰਾਨ ਪਟਨਾ ਸਾਹਿਬ ਸੀਟ ਤੋਂ ਆਪਣੇ ਦਮ ਉੱਤੇ ਜਿੱਤ ਹਾਸਲ ਕਰ ਲਈ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਵਾਰ ਉਹ ਜਿੱਤ ਦੇ ਸੰਦਰਭ ਵਿੱਚ ਪਹਿਲਾਂ ਦੇ ਰਿਕਾਰਡ ਤੋੜ ਸਕਦੇ ਹਨ।
ਭਾਜਪਾ ਵਿੱਚ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਮੁਖੀ ਅਮਿਤ ਸ਼ਾਹ ਲੀਡਰਸ਼ਿਪ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਤੋਂ ਪਹਿਲਾਂ ਪਾਰਟੀ ਵਿੱਚ ‘ਲੋਕਸ਼ਾਹੀ’ ਸੀ ਤੇ ਹੁਣ ‘ਤਾਨਾਸ਼ਾਹੀ’ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰਕ ਦੋਸਤ ਲਾਲੂ ਪ੍ਰਸਾਦ ਯਾਦਵ ਨੇ ਵੀ ਸੁਝਾਅ ਦਿੱਤਾ ਸੀ ਕਿ ਤੁਸੀਂ ਉੱਥੇ ਕਾਂਗਰਸ ਵਿੱਚ ਜਾਓ। ਅਸੀਂ ਲੋਕ ਉੱਥੇ ਤੁਹਾਡੇ ਨਾਲ ਹਾਂ ਤੇ ਸਿਆਸੀ ਤੌਰ ਉੱਤੇ ਵੀ ਨਾਲ ਰਹਾਂਗੇ।