ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਤੋਂ ਠੀਕ ਪਹਿਲਾਂ ਵਿਰੋਧੀ ਧਿਰ ਵੱਲੋਂ ਹੁਣ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਮਾਨਤਾ ਦਿੱਤੀ ਜਾਣ ਲੱਗੀ ਹੈ। ਡੀਐੱਮਕੇ ਦੇ ਮੁਖੀ ਐੱਮ.ਕੇ. ਸਟਾਲਿਨ ਤੋਂ ਬਾਅਦ ਜੇਡੀਐੱਸ ਦੇ ਮੁਖੀ ਐੱਚ.ਡੀ. ਦੇਵਗੌੜਾ ਦੀ ਹਮਾਇਤ ਵੀ ਮਿਲ ਗਈ ਹੈ।
ਜਨਤਾ ਦਲ (ਸੈਕੂਲਰ) ਭਾਵ ਜੇਡੀਐੱਸ ਸੁਪਰੀਮੋ ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਹਮਾਇਤ ਕਰੇਗੀ।
ਸ੍ਰੀ ਦੇਵਗੌੜਾ ਨੇ ਅੱਜ ਆਪਣੇ 87ਵੇਂ ਜਨਮ ਦਿਨ ਮੌਕੇ ਤੀਰੂਮਾਲਾ ਵਿਖੇ ਭਗਵਾਨ ਵੈਂਕੇਟੇਸ਼ਵਰ ਮੰਦਰ ਵਿੱਚ ਪੂਜਾ–ਅਰਚਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲਾਂ ਆਖੀਆਂ। ਉਨ੍ਹਾਂ ਦੇ ਪੁੱਤਰ ਤੇ ਕਰਨਾਟਕ ਦੇ ਮੁੱਖਮੰਤਰੀ ਐੱਚਡੀ ਕੁਮਾਰਸਵਾਮੀ ਨੇ ਵੀ ਇਹੋ ਗੱਲ ਦੁਹਰਾਈ ਕਿ ਉਨ੍ਹਾਂ ਦੀ ਪਾਰਟੀ ਦੀ ਪਸੰਦ ਰਾਹੁਲ ਗਾਂਧੀ ਹਨ।
ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਡੀਐੱਮਕੇ ਦੇ ਮੁਖੀ ਐੱਮਕੇ ਸਟਾਲਿਨ ਨੇ ਵੀ ਸਪੱਸ਼ਟ ਆਖਿਆ ਸੀ ਕਿ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਹਮਾਇਤ ਦੇਵੇਗੀ।