ਚੰਡੀਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਕਿਰਨ ਖੇਰ ਨੇ ਆਪਣੀਆਂ ਚੋਣ ਮੁਹਿੰਮਾਂ ਦੌਰਾਨ ਬੱਚਿਆਂ ਨੂੰ ਵਰਤਣ ਦੇ ਵਿਵਾਦ ਉੱਤੇ ਅੱਜ ਮਾਫ਼ੀ ਮੰਗ ਲਈ ਹੈ। ਇਹ ਮੁੱਦਾ ਅੱਜ ‘ਹਿੰਦੁਸਤਾਨ ਟਾਈਮਜ਼’ ਨੇ ਬਹੁਤ ਜ਼ੋਰ–ਸ਼ੋਰ ਨਾਲ ਉਠਾਇਆ ਸੀ। ਇਸ ਤੋਂ ਬਾਅਦ ਇਹ ਖ਼ਬਰ ਪੂਰੇ ਦੇਸ਼ ਵਿੱਚ ਵਾਇਰਲ ਹੋਈ।
ਸ੍ਰੀਮਤੀ ਕਿਰਨ ਖ਼ੇਰ ਨੇ ਖ਼ੁਦ ਆਪਣੇ ਟਵਿਟਰ ਅਕਾਊਂਟ ਤੋਂ 8 ਸੈਕੰਡ ਦੀ ਇੱਕ ਵਿਡੀਓ ਅਪਲੋਡ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੇ ਸਹਾਇਕ ਮਹੇਸ਼ ਇੰਦਰ ਸਿੰਘ ਸਿੱਧੂ ਬੱਚਿਆਂ ਦੀ ਵਰਤੋਂ ਕਰਦਿਆਂ ਵੋਟਾਂ ਮੰਗਦੇ ਵਿਖਾਈ ਦਿੰਦੇ ਹਨ। ਸ੍ਰੀ ਸਿੱਧੂ ਵਾਰਡ ਨੰਬਰ - 1 ਤੋਂ ਕੌਂਸਲਰ ਵੀ ਹਨ। ਉਨ੍ਹਾਂ ਨੂੰ ਵੀ ਨੋਟਿਸ ਜਾਰੀ ਹੋਇਆ ਹੈ। ਉਨ੍ਹਾਂ ਨੂੰ 24 ਘੰਟਿਆਂ ਅੰਦਰ ਨੋਟਿਸ ਦਾ ਜਵਾਬ ਦੇਣ ਲਈ ਵੀ ਕਿਹਾ ਗਿਆ ਹੈ।
ਚੇਤੇ ਰਹੇ ਕਿ ਹਾਲੇ ਸਿਰਫ਼ ਇੱਕ ਦਿਨ ਪਹਿਲਾਂ ਬੱਚਿਆਂ ਦੀ ਵਰਤੋਂ ਲਈ ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਨੇ ਕਾਂਗਰਸ ਦੇ ਸਟਾਰ–ਪ੍ਰਚਾਰਕ ਪ੍ਰਿਅੰਕਾ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਸੀ।
ਸ੍ਰੀਮਤੀ ਕਿਰਨ ਖੇਰ ਵੱਲੋਂ ਅਪਲੋਡ ਕੀਤੇ ਗਏ ਵਿਡੀਓ ਵਿੱਚ ਬੱਚਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਕ ਪਹਿਨੇ ਹੋਏ ਹਨ ਅਤੇ ਉਹ ਉੱਚੀ–ਉੱਚੀ ਨਾਅਰੇ ਲਾ ਰਹੇ ਹਨ – ‘ਅਬ ਕੀ ਬਾਰ ਮੋਦੀ ਸਰਕਾਰ’।
ਇਸ ਵਿਡੀਓ ਉੱਤੇ ਸ੍ਰੀਮਤੀ ਕਿਰਨ ਖੇਰ ਨੇ ਟਵੀਟ ਵੀ ਕੀਤਾ ਸੀ ਕਿ – ‘ਬੱਚੇ–ਬੱਚੇ ਕੋ ਪਤਾ ਹੈ ਕਿ ਐਤਕੀਂ ਆਏਗਾ ਤੋ ਮੋਦੀ ਹੀ।’