ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਚ ਲਾਗੂ ਚੋਣ ਜ਼ਾਬਤੇ ਸਬੰਧੀ ਪੀਐਮ ਮੋਦੀ ਵਲੋਂ ਦੇਸ਼ ਦੇ ਨਾਂ ਕੀਤੇ ਸੰਬੋਧਨ ਦੀ ਜਾਂਚ ਕਰਨ ਲਈ ਅਫ਼ਸਰਾਂ ਦੀ ਕਮੇਟੀ ਬਣਾ ਦਿੱਤੀ ਹੈ। ਮਾਕਪਾ ਨੇ ਐਂਟੇ ਸੈਟੇਲਾਈਟ ਮਿਸਾਇਲ ਦੇ ਸਫ਼ਲ ਪ੍ਰੀਖਣ ਦੀ ਦੇਸ਼ ਨੂੰ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤੇ ਜਾਣ ਤੇ ਸਵਾਲ ਚੁੱਕਦਿਆਂ ਹੋਇਆ ਚੋਣ ਕਮਿਸ਼ਨ ਨੂੰ ਇਹ ਦੱਸਣ ਦੀ ਅਪੀਲ ਕੀਤੀ ਸੀ ਕਿ ਚੋਣਾਂ ਦੇ ਦੌਰਾਨ ਇਸ ਪ੍ਰਾਪਤੀ ਦਾ ਸਿਆਸੀ ਲਾਭ ਲੈਣ ਦੀ ਪੀਐਮ ਮੋਦੀ ਨੂੰ ਆਗਿਆ ਕਿਉਂ ਮਿਲ ਗਈ।
ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੈਚੁਰੀ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਸ ਤਰ੍ਹਾਂ ਦੇ ਮਿਸ਼ਨ ਦੀ ਜਾਣਕਾਰੀ ਦੇਸ਼–ਦੁਨੀਆ ਨੂੰ ਆਮ ਤੌਰ ਤੇ ਸਬੰਧਤ ਵਿਗਿਆਨਕ ਸੰਸਥਾਵਾਂ ਦੁਆਰਾ ਦਿੱਤੀ ਜਾਂਦੀ ਹੈ। ਇਸਦੀ ਥਾਂ ਪੀਐਮ ਨੇ ਇਸ ਪ੍ਰਾਪਤੀ ਲਈ ਦੇਸ਼ ਨੂੰ ਸੰਬੋਧਨ ਕਰਨ ਦਾ ਰਾਹ ਚੁਣਨਾ ਸੀ।
ਯੈਚੁਰੀ ਨੇ ਪੀਐਮ ਮੋਦੀ ਦੁਆਰਾ ਇਸ ਪ੍ਰਾਪਤੀ ਨੂੰ ਜਨਤਕ ਕੀਤੇ ਜਾਣ ਤੇ ਸਵਾਲ ਚੁੱਕਦਿਆਂ ਕਿਹਾ ਕਿ ਚੋਣਾਂ ਦੌਰਾਨ ਜਦਕਿ ਪੀਐਮ ਮੋਦੀ ਖੁੱਦ ਉਮੀਦਵਾਰ ਹਨ, ਇਸ ਤਰ੍ਹਾਂ ਦੇ ਐਲਾਨ ਚੋਣ ਜ਼ਾਬਤੇ ਦੀ ਉਲੰਘਣਾ ਹਨ। ਯੈਚੁਰੀ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਹੈ ਕਿ ਕੀ ਪ੍ਰਧਾਨ ਮੰਤਰੀ ਦੁਆਰਾ ਦੇਸ਼ ਨੂੰ ਸੰਬੋਧਿਤ ਕਰਨ ਦੀ ਕਮਿਸ਼ਨ ਨੂੰ ਪਹਿਲਾਂ ਜਾਣਕਾਰੀ ਦਿੱਤੀ ਸੀ।
ਦੱਸਣਯੋਗ ਹੈ ਕਿ ਪੀਐਮ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਭਾਰਤ ਨੇ ਪੁਲਾੜ ਚ ਐਂਟੀ ਸੈਟੇਲਾਈਟ ਮਿਸਾਇਲ ਨਾਲ ਇਕ ਲਾਈਵ ਸੈਟੇਲਾਈਟ ਨੂੰ ਮਾਰ ਸੁੱਟਦਿਆਂ ਅੱਜ ਆਪਣਾ ਨਾਂ ਪੁਲਾੜ ਮਹਾਸ਼ਕਤੀ ਵਜੋਂ ਦਰਜ ਕਰਾ ਦਿੱਤਾ ਤੇ ਭਾਰਤ ਅਜਿਹੀ ਯੋਗਤਾ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ। ਇਸ ਪ੍ਰੀਖਣ ਮਗਰੋਂ ਭਾਰਤ ਦੁਸ਼ਮਣ ਦੇ ਉਪਗ੍ਰਹਿਾਂ ਨੂੰ ਮਾਰ ਸੁੱਟਣ ਦੀ ਰਣਨੀਤਿਕ ਯੋਗਤਾ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਮੁਲਕ ਬਣ ਗਿਆ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਕੋਲ ਇਹ ਕਾਬਲਿਅਤ ਸੀ।
.