ਹਾਲੇ ਭਾਵੇਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਫਿਰ ਵੀ ਹੁਣ ਹੌਲੀ–ਹੌਲੀ ਪੰਜਾਬ ਦਾ ਚੋਣ–ਮੈਦਾਨ ਭਖਣ ਲੱਗ ਪਿਆ ਹੈ। ਚੋਣ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂ ਇਨ੍ਹਾਂ ਰੈਲੀਆਂ ਵਿੱਚ ਭਾਗ ਲੈ ਰਹੇ ਹਨ।
ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਫ਼ਿਲਹਾਲ ਇੱਕ–ਦੂਜੇ ਉੱਤੇ ਦੂਸ਼ਣਬਾਜ਼ੀ ਵਿੱਚ ਰੁੱਝੀਆਂ ਹੋਈਆਂ ਹਨ ਤੇ ਆਮ ਆਦਮੀ ਪਾਰਟੀ ਆਪਣੇ ਹਿਸਾਬ ਨਾਲ ਅੱਗੇ ਵਧਦੀ ਦਿਸ ਰਹੀ ਹੈ। ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੀ ਪੰਜਾਬ ਏਕਤਾ ਪਾਰਟੀ ਤੇ ਉਨ੍ਹਾਂ ਦਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਇਨ੍ਹਾਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਰੱਦ ਕਰਦਿਆਂ ਹੋਇਆ ਵੋਟਾਂ ਮੰਗ ਰਿਹਾ ਹੈ।
ਸ੍ਰੀ ਖਹਿਰਾ ਦਾ ਕਹਿਣਾ ਹੈ ਕਿ ਜਨਤਾ ਨੂੰ ਉਨ੍ਹਾਂ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਉੱਧਰ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਖ਼ਾਸ ਕਰ ਕੇ ਪੰਜਾਬ ਦੇ ਮਾਝਾ ਇਲਾਕੇ ਵਿੱਚ ਆਪਣੀ ਹੋਂਦ ਜ਼ਾਹਿਰ ਕਰ ਰਿਹਾ ਹੈ।