ਵੱਧਦਾ ਹੋਇਆ ਖਰਚ ਆਉਣ ਵਾਲੇ ਸਮੇਂ ਚ ਦੇਸ਼ ਦੀ ਅਰਥਵਿਵਸਥਾ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਦੇਸ਼ ਚ 10 ਕਰੋੜ 45 ਲੱਖ ਰੁਪਏ ਖਰਚ ਕਰਕੇ ਪਹਿਲੀ 1951-52 ਆਮ ਚੋਣਾਂ ਕਰਾਉਣ ਵਾਲੇ ਚੋਣ ਕਮਿਸ਼ਨ ਨੂੰ ਸਾਲ 2014 ਦੀਆਂ ਲੋਕ ਸਭਾ ਚੋਣਾਂ ਚ ਰਿਕਾਰਡ 3 ਹਜ਼ਾਰ 870 ਕਰੋੜ ਰੁਪਏ ਤੋਂ ਵੱਧ ਖਰਚ ਕਰਨਾ ਪਿਆ। 1951-52 ਆਮ ਚੋਣਾਂ ਦੌਰਾਨ ਪ੍ਰਤੀ ਵੋਟਰ ਖਰਚ ਸਿਰਫ 60 ਪੈਸੇ ਆਇਆ ਸੀ।
ਦੱਸ ਦੇਈਏ ਕਿ ਸਾਲ 1957 ਚ ਹੋਈਆਂ ਦੂਜੀ ਲੋਕ ਸਭਾ ਚੋਣਾਂ ਦੌਰਾਨ ਕੁੱਲ ਖਰਚ ਲਗਭਗ ਅੱਧਾ ਹੋ ਗਿਆ ਅਤੇ ਸਿਰਫ 5 ਕਰੋੜ 90 ਲੱਖ ਰੁਪਏ ਚ ਪੂਰੀ ਚੋਣ ਪ੍ਰਕਿਰਿਆ ਨਿਪਟ ਗਈ। ਇਨ੍ਹਾਂ ਚੋਣਾਂ ਮਗਰੋਂ ਇਕ ਤੋਂ ਬਾਅਦ ਇਕ ਚੋਣਾਂ ਹੁੰਦੀਆਂ ਗਈਆਂ ਤੇ ਖਰਚਿਆਂ ਨੂੰ ਖੰਭ ਲਗਦੇ ਗਏ।
ਚੋਣ ਕਮਿਸ਼ਨ ਦਾ ਸਾਲ 2014 ਦੀਆਂ ਲੋਕ ਸਭਾ ਚੋਣਾਂ ਦਾ ਇਹ ਰਿਕਾਰਡ ਅੰਕੜਾ ਵੀ 17ਵੀਂ ਲੋਕ ਸਭਾ ਚੋਣਾਂ ਦੌਰਾਨ ਟੁੱਟਣ ਜਾ ਰਿਹਾ ਹੈ। ਚੋਣ ਕਮਿਸ਼ਨ ਦਾ ਅੰਦਾਜ਼ਾ ਹੈ ਕਿ ਇਹ ਅੰਕੜਾ ਇਸ ਬਾਰ 5000 ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ। ਪਿਛਲੀਆਂ ਦੋ ਚੋਣਾਂ ਚ ਹੀ 2755 ਕਰੋੜ ਰੁਪਏ ਖਰਚ ਵੱਧ ਗਿਆ ਸੀ।
ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਵਿਸ਼ਵ ਦੇ ਵੱਖੋ ਵੱਖ ਦੇਸ਼ਾਂ ਚ ਹੋਏ ਚੋਣ ਖਰਚਿਆਂ ਚ ਅਮਰੀਕਾ ਨੂੰ ਛੱਡ ਕੇ ਸਭ ਤੋਂ ਵੱਧ ਹੈ। ਦੁਨੀਆ ਚ ਸਭ ਤੋਂ ਵੱਧ ਖਰਚ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਚ ਹੁੰਦਾ ਹੈ। ਅੰਕੜਿਆਂ ਮੁਤਾਬਕ 2012 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਚ 7 ਅਰਬ ਅਮਰੀਕੀ ਡਾਲਰ ਖਰਚ ਹੋਏ ਸਨ।
.