ਅੱਜ ਸਵੇਰੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੂਰੂ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਫਸਵਾਂ ਮੁਕਾਬਲਾ ਚੱਲ ਰਿਹਾ ਸੀ। ਵੋਟਾਂ ਦੀ ਗਿਣਤੀ ਵਿੱਚ ਕਦੇ ਰਾਜਾ ਵੜਿੰਗ ਉੱਪਰ ਚਲੇ ਜਾਂਦੇ ਸਨ ਤੇ ਕਦੇ ਹਰਸਿਮਰਤ ਕੌਰ ਬਾਦਲ ਵੱਡੀ ਲੀਡ ਨਾਲ ਅੱਗੇ ਹੋ ਰਹੀ ਸੀ।
ਦੁਪਹਿਰ ਬਾਅਦ ਹੋਲੀ-ਹੋਲੀ ਤਸਵੀਰ ਸਾਫ਼ ਹੁੰਦੀ ਗਈ ਤੇ ਆਖ਼ਰ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਹ੍ਰੈਟਿਕ ਲਾਉਣ ਦਾ ਮਾਣ ਵੀ ਪ੍ਰਾਪਤ ਕਰ ਲਿਆ ਹੈ।
ਹਰਸਿਮਰਤ ਕੌਰ ਬਾਦਲ ਨੂੰ 514727, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 495332 ਵੋਟਾਂ ਮਿਲੀਆਂ। ਆਪ ਉਮੀਦਵਾਰ ਨੂੰ ਕੇਵਲ 87901 ਵੋਟਾਂ ਹੀ ਮਿਲੀਆਂ। ਅਮਰਿੰਦਰ ਸਿੰਘ ਰਾਜਾ ਵੜਿੰਗ ਦੂਜੇ ਤੇ ਆਪ ਉਮੀਦਵਾਰ ਤੀਜੇ ਨੰਬਰ ਉੱਤੇ ਰਹੀ। ਪੀਡੀਓ ਉਮੀਦਵਾਰ ਸੁਖਪਾਲ ਖਹਿਰਾ ਆਪਣੀ ਜ਼ਮਾਨਤ ਬਚਾਉਣ ਵਿੱਚ ਅਸਫ਼ਲ ਰਹੇ। ਦੱਸਣਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲ ਵੋਟਾਂ ਦਾ ਫਰਕ ਸਿਰਫ ਬਹੁਤ ਘੱਟ ਸੀ।
ਪੰਜਾਬ ਦੇ ਲੋਕ ਸਭਾ ਹਲਕਾ ਬਠਿੰਡਾ ਉੱਤੇ ਇਸ ਵਾਰ ਮੁਕਾਬਲਾ ਬਹੁਤ ਸਖ਼ਤ ਸੀ। ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਤੋਂ ਰਾਜਾ ਵੜਿੰਗ, ਆਮ ਆਦਮੀ ਪਾਰਟੀ (ਆਪ) ਨੇਤਾ ਅਤੇ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੇ ਮੈਦਾਨ ਵਿੱਚ ਆਉਣ ਨਾਲ ਮੁਕਾਬਲਾ ਬਹੁਤ ਦਿਲਚਸਪ ਬਣ ਗਿਆ ਸੀ। ਪਰ ਵੇਖਿਆ ਜਾਵੇ ਤਾਂ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਹੀ ਸੀ।
ਹਰਸਿਮਰਤ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਦੀ ਨੂੰਹ ਹੈ ਅਤੇ ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹੈ। ਪਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰਹ ਹਰਸਿਮਰਤ ਕੌਰ ਲਈ ਚੋਣ ਪ੍ਰਚਾਰ ਵੀ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਸੀਟ ਉੱਤੇ ਲਗਭਗ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਛੇ ਲੋਕ ਸਭਾ ਚੋਣਾਂ 'ਚ ਪੰਜ ਵਾਰ ਜਿੱਤ ਦਰਜ ਕੀਤੀ ਹੈ।
ਹਰਸਿਮਰਤ ਨੇ 2014 ਵਿੱਚ ਸ਼੍ਰੋਮਣੀ ਅਕਾਲ ਦਲ ਛੱਡ ਕੇ ਆਏ ਆਪਣੇ ਦਿਉਰ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 19 ਹਜ਼ਾਰ ਵੋਟਾਂ ਤੋਂ ਘੱਟ ਫਰਕ ਨਾਲ ਹਰਾਇਆ ਸੀ। ਜਦਕਿ 2009 ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਹਰਾ ਕੇ ਪਹਿਲੀ ਵਾਰ ਲੋਕ ਸਭਾ ਪਹੁੰਚੀ ਸੀ।