ਹੁਣ ਜਦੋਂ ਪੰਜਾਬ ਵਿੱਚ ਵੱਖੋ–ਵੱਖਰੀਆਂ ਸਿਆਸੀ ਪਾਰਟੀਆਂ ਦੀਆਂ ਚੋਣ–ਪ੍ਰਚਾਰ ਮੁਹਿੰਮਾਂ ਹੌਲੀ–ਹੌਲੀ ਭਖਦੀਆਂ ਜਾ ਰਹੀਆਂ ਹਨ। ਖਡੂਰ ਸਾਹਿਬ ਇੱਕ ਪੰਥਕ ਸੀਟ ਹੈ। ਤੇ ਇੱਥੇ ਐਤਕੀਂ ਚੌਕੋਣਾ ਮੁਕਾਬਲਾ ਹੋਣ ਦੀ ਆਸ ਹੈ। ਦੋ ਮੁੱਖ ਉਮੀਦਵਾਰ ਇਸ ਹਲਕੇ ਤੋਂ ਬਾਹਰ ਦੇ ਹਨ। ਇੰਝ ਸਥਾਨਕ ਉਮੀਦਵਾਰਾਂ ਦਾ ਮੁਕਾਬਲਾ ਬਾਹਰਲਿਆਂ ਨਾਲ ਹੋਵੇਗਾ।
1977 ਤੱਕ ਇਹ ਹਲਕਾ ਤਰਨ ਤਾਰਨ ਸੀਟ ਵਿੱਚ ਹੀ ਸ਼ਾਮਲ ਸੀ। ਇੱਥੋਂ ਹੁਣ ਤੱਕ ਸਦਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਉਮੀਦਵਾਰ ਜਿੱਤਦਾ ਰਿਹਾ ਹੈ। ਸਿਰਫ਼ 1992 ’ਚ ਇੰਝ ਨਹੀਂ ਹੋਇਆ ਸੀ, ਜਦੋਂ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ।
ਖਡੂਰ ਸਾਹਿਬ ਸੀਟ ਤੋਂ ਕਾਂਗਰਸ ਦੇ ਇਸ ਵਾਰ ਦੇ ਉਮੀਦਵਾਰ ਜਸਬੀਰ ਸਿੰਘ ਗਿੱਲ ‘ਡਿੰਪਾ’ ਸਾਲ 2002 ਦੌਰਾਨ ਬਿਆਸ ਤੋਂ ਵਿਧਾਇਕ ਚੁਣੇ ਗਏ ਸਨ ਪਰ ਸਾਲ 2007 ਦੌਰਾਨ ਹਾਹਰ ਗਏ ਸਨ। ਉਹ ਬਾਬਾ ਬਕਾਲਾ (ਜਿਸ ਨੂੰ ਪਹਿਲਾਂ ਬਿਆਸ ਆਖਿਆ ਜਾਂਦਾ ਸੀ) ਵਿੱਚ ਰਈਆ ਲਾਗਲੇ ਪਿੰਡ ਲਿੱਧੜ ਦੇ ਜੰਮਪਲ਼ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਕਪੂਰਥਲਾ ਜ਼ਿਲ੍ਹੇ ਦੇ ਪਿੰਗ ਬੇਗੋਵਾਲ ਨਾਲ ਸਬੰਧਤ ਸਨ। ਇਹ ਪਿੰਡ ਹੁਸ਼ਿਆਰਪੁਰ ਹਲਕੇ ਦਾ ਹਿੱਸਾ ਹੈ।
ਬੀਬੀ ਜਗੀਰ ਕੌਰ ਨੂੰ ਕੁਝ ਵਿਰੋਧੀ ਪਾਰਟੀਆਂ ‘ਬਾਹਰਲੇ’ ਕਰਾਰ ਦਿੰਦੀਆਂ ਹਨ; ਉਨ੍ਹਾਂ ਨੂੰ ਜਵਾਬ ਦਿੰਦਿਆਂ ਬੀਬੀ ਜਗੀਰ ਕੌਰ ਨੇ ਹੁਣ ਕਿਹਾ ਹੈ ਕਿ ਖਡੂਰ ਸਾਹਿਬ ਉਨ੍ਹਾਂ ਦੀ ਕਰਮਭੂਮੀ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਉਹ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਤਦ ਉਨ੍ਹਾਂ ਖਡੂਰ ਸਾਹਿਬ ਹਲਕੇ ਵਿੰਚ ਕਾਫ਼ੀ ਕੰਮ ਕੀਤੇ ਸਨ।
ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਪਰਮਜੀਤ ਕੌਰ ਖਾਲੜਾ ਹਨ; ਜੋ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਵਿਧਵਾ ਹਨ। ਸ੍ਰੀ ਖਾਲੜਾ ਮਨੁੱਖੀ ਅਧਿਕਾਰ ਕਾਰਕੁੰਨ ਸਨ ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਤਰਨ ਤਾਰਨ ਜ਼ਿਲ੍ਹੇ ਦੇ ਖੇਮਕਰਨ ਵਿਧਾਨ ਸਭਾ ਹਲਕੇ ਦੇ ਪਿੰਡ ਖਾਲੜਾ ਨਾਲ ਸਬੰਧਤ ਹਨ।
ਸ਼੍ਰੋਮਣੀ ਅਕਾਲੀ ਦਲ ਵਾਂਗ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਵੀ ਇਸ ਹਲਕੇ ਤੋਂ ਬਾਹਰ ਦੇ ਉਮੀਦਵਾਰ ਜਨਰਲ (ਸੇਵਾ–ਮੁਕਤ) ਜੇ.ਜੇ. ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਹ ਪਟਿਆਲਾ ਤੋਂ ਹਨ।