ਅਗਲੀ ਕਹਾਣੀ

​​​​​​​ਖਡੂਰ ਸਾਹਿਬ: ਖਾਲੜਾ ਨੂੰ ਹਮਾਇਤ ਦੇਣ ਦੇ ਮਾਮਲੇ ’ਤੇ ਟਕਸਾਲੀਆਂ ’ਚ ਮਤਭੇਦ

ਰਣਜੀਤ ਸਿੰਘ ਬ੍ਰਹਮਪੁਰਾ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸੰਸਦੀ ਚੋਣਾਂ ਲਈ ਖਡੂਰ ਸਾਹਿਬ ਸੀਟ ਤੋਂ ਆਪਣੇ ਉਮੀਦਵਾਰ ਜਨਰਲ (ਸੇਵਾ–ਮੁਕਤ) ਜੇ.ਜੇ. ਸਿੰਘ ਦਾ ਨਾਂਅ ਵਾਪਸ ਨਹੀਂ ਲਵੇਗੀ। ਉਂਝ ਭਾਵੇਂ ਉਨ੍ਹਾਂ ਦੀ ਪਾਰਟੀ ਦੇ ਕੁਝ ਆਗੂ ਇਹੋ ਚਾਹੁੰਦੇ ਹਨ ਕਿ ਇਸ ਸੰਸਦੀ ਹਲਕੇ ’ਚ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਦੇ ਦਿੱਤੀ ਜਾਵੇ।

 

 

ਟਕਸਾਲੀ ਅਕਾਲੀ ਦਲ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਸਮੇਤ ਕੁਝ ਸੀਨੀਅਰ ਟਕਸਾਲੀ ਆਗੂ ਬੀਬੀ ਖਾਲੜਾ ਦੇ ਹੱਕ ਵਿੱਚ ਹਨ। ਬੀਬੀ ਖਾਲੜਾ ਦਰਅਸਲ ਮਨੁੱਖੀ ਅਧਿਕਾਰਾਂ ਬਾਰੇ ਸਵਰਗੀ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਹਨ। ਟਕਸਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਅੱਜ ਜਨਰਲ ਜੇ.ਜੇ. ਸਿੰਘ ਨੂੰ ਜ਼ੀਰਾ ਵਿਖੇ ਜਾ ਕੇ ਮਿਲੇ ਤੇ ਉਨ੍ਹਾਂ ਨੂੰ ਖਾਲੜਾ ਦੇ ਹੱਕ ਵਿੱਚ ਆਪਣੀ ਉਮੀਦਵਾਰੀ ਵਾਪਸ ਲੈ ਲੈਣ ਦੀ ਬੇਨਤੀ ਕੀਤੀ।

 

 

ਸ੍ਰੀ ਬ੍ਰਹਮਪੁਰਾ ਨੇ ਫ਼ੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਦੇ ਸਾਰੇ ਸੀਨੀਅਰ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਖਿਆ ਹੈ ਕਿ ਜਨਰਲ ਜੇਜੇ ਸਿੰਘ ਨੂੰ ਉਮੀਦਵਾਰੀ ਵਾਪਸ ਲੈਣ ਲਈ ਨਾ ਆਖਿਆ ਜਾਵੇ, ‘ਕਿਉਂਕਿ ਉਹ ਵੀ ਸਾਡੇ ਮਜ਼ਬੂਤ ਉਮੀਦਵਾਰ ਹਨ ਕਿਉਂਕਿ ਉਨ੍ਹਾਂ ਨੇ ਵੀ ਫ਼ੌਜ ਮੁਖੀ ਹੋਣ ਦੇ ਨਾਤੇ ਦੁਸ਼ਮਣਾਂ ਵਿਰੁੱਧ ਬਹੁਤ ਸਾਰੀਆਂ ਲੜਾਈਆਂ ਲੜੀਆਂ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਬੀਬੀ ਖਾਲੜਾ ਇੱਕ ਪੰਥਕ ਚਿਹਰਾ ਹਨ ਪਰ ਜਨਰਲ ਜੇਜੇ ਸਿੰਘ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ।’
 

 

ਸ੍ਰੀ ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਐੱਨਆਰਆਈਜ਼ ਹਨ, ਜਿਹੜੇ ਬੀਬੀ ਖਾਲੜਾ ਦੀ ਹਮਾਇਤ ਕਰਨੀ ਚਾਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khadoor Sahib Taksalis are divided over support to Bibi Khalra