ਲੋਕ ਸਭਾ ਚੋਣਾਂ ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨ ਵਾਲੀ ਕਾਂਗਰਸ ਕਈ ਸੂਬਿਆਂ ਚ ਖਾਤਾ ਖੋਲ੍ਹਣ ਚ ਵੀ ਸਫਲ ਨਹੀਂ ਹੋਈ। ਇਨ੍ਹਾਂ ਚ ਗੁਜਰਾਤ, ਉਤਰਾਖੰਡ, ਹਰਿਆਣਾ, ਰਾਜਸਥਾਨ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਗੋਆ ਸ਼ਾਮਲ ਹਨ। ਕਾਂਗਰਸ ਉਨ੍ਹਾਂ ਸੂਬਿਆਂ ਚ ਵੀ ਕੁਝ ਨਹੀਂ ਕਰ ਸਕੀ, ਜਿੱਥੇ ਉਨ੍ਹਾਂ ਦੀ ਸਰਕਾਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਨੇਰੀ ਸਾਹਮਣੇ ਕਾਂਗਰਸ ਦੇ ਕਈ ਮਹਾਰਥੀ ਢਹਿ ਢੇਰੀ ਹੋ ਗਏ। ਰਾਜਸਥਾਨ ਚ ਮੁੱਖ ਮੰਤਰੀ ਅਸ਼ੋਕ ਗਿਹਲੋਤ ਦੇ ਬੇਟੇ ਵੈਭਵ ਗਿਹਲੋਤ ਸਣੇ ਸਾਰੀਆਂ ਸੀਟਾਂ ਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੱਧ ਪ੍ਰਦੇਸ਼ ਚ ਕਾਂਗਰਸ ਦੀ ਇਜ਼ੱਤ ਬਚਾਉਣ ਚ ਕੋਈ ਵੱਡਾ ਨੇਤਾ ਕਾਮਯਾਬ ਨਾ ਹੋ ਸਕਿਆ। ਸਿਰਫ ਮੁੱਖ ਮੰਤਰੀ ਕਮਲਨਾਥ ਦੇ ਬੇਟੇ ਨਕੁਲ ਨਾਥ ਦੇ ਖਾਤੇ ਚ ਜਿੱਤ ਆਈ।
ਕਾਂਗਰਸ ਦੀ ਇਸ ਸ਼ਰਮਨਾਕ ਹਾਰ ਨਾਲ ਸੂਬਿਆਂ ਚ ਪਾਰਟੀ ਅੰਦਰ ਹਲਚਲ ਵੱਧ ਗਈ ਹੈ। ਇਸਦਾ ਅਸਰ ਆਉਣ ਵਾਲੇ ਦਿਨਾਂ ਚ ਪਾਰਟੀ ਅਤੇ ਕਾਂਗਰਸੀ ਸੂਬਿਆਂ ਚ ਵੀ ਦੇਖਣ ਨੂੰ ਮਿਲੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਹਾਰ ਮਗਰੋਂ ਪਾਰਟੀ ਨੂੰ ਪੂਰਨ ਤੌਰ ਤੇ ਰਣਨੀਤੀ ਤੇ ਮੁੜ ਵਿਚਾਰ ਕਰਨਾ ਹੋਵੇਗਾ ਕਿ ਕਾਂਗਰਸ ਆਪਣੀ ਗੱਲ ਲੋਕਾਂ ਤਕ ਕਿਉਂ ਨਹੀਂ ਪਹੁੰਚਾਉਣ ਚ ਕਾਮਯਾਬ ਹੋ ਸਕੀ।
.