ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ ਵਿੱਚ 59 ਸੀਟਾਂ ਉੱਤੇ ਹੋ ਰਹੀ ਪੋਲਿੰਗ ਵਿਚਕਾਰ ਪੱਛਮੀ ਬੰਗਾਲ ਤੋਂ ਭਾਰੀ ਹਿੰਸਾ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਥੋਂ ਦੀਆਂ 9 ਸੀਟਾਂ ਉੱਤੇ ਵੋਟਿੰਗ ਹੋ ਰਹੀ ਹੈ ਪਰ ਕਈ ਥਾਵਾਂ ਉੱਤੇ ਬੀਜੇਪੀ ਨੇ ਟੀਐਮਸੀ ਦੇ ਗੁੰਡਿਆਂ ਉੱਤੇ ਵੋਟਰਾਂ ਨੂੰ ਡਰਾਉਣ ਧਮਕਾਉਣ ਅਤੇ ਉਨ੍ਹਾਂ ਦੇ ਮੰਡਲ ਪ੍ਰਧਾਨ ਨੂੰ ਕੁੱਟਣ ਦਾ ਦੋਸ਼ ਲਾਇਆ ਹੈ।
ਇਸ ਵਿਚਕਾਰ, ਹਾਰਬਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਨੀਲਾਂਜਨ ਦੀ ਕਾਰ ਉੱਤੇ ਡੋਂਗਰੀਆ ਖੇਤਰ ਵਿੱਚ ਹਮਲਾ ਕਰਕੇ ਭੰਨਤੋੜ ਵੀ ਕੀਤੀ ਹੈ। ਜਾਦਵਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਪਮ ਹਾਜਰਾ ਨੇ ਦੋਸ਼ ਲਾਇਆ ਕਿ ਟੀਐਮਸੀ ਦੇ ਗੁੰਡਿਆਂ ਨੇ ਬੀਜੇਪੀ ਮੰਡਲ ਪ੍ਰਧਾਨ ਦੀ ਬਹੁਤ ਕੁੱਟਮਾਰ ਕੀਤੀ ਹੈ।
ਹਾਜਰਾ ਨੇ ਕਿਹਾ ਕਿ ਟੀਐਮਸੀ ਦੇ ਗੁੰਡਿਆਂ ਨੇ ਬੀਜੇਪੀ ਮੰਡਲ ਪ੍ਰਧਾਨ ਡਰਾਈਵਰ ਅਤੇ ਕਾਰ ਉੱਤੇ ਹਮਲੇ ਕੀਤੇ। ਅਸੀਂ ਤਿੰਨ ਪੋਲਿੰਗ ਏਜੰਟਾਂ ਨੂੰ ਵੀ ਬਚਾਇਆ ਹੈ। ਟੀਐਮਸੀ ਦੇ ਗੁੰਡੇ 52 ਬੂਥਾਂ ਉੱਤੇ ਵੋਟਿੰਗ ਵਿੱਚ ਰੁਕਾਵਟ ਪਾ ਰਹੇ ਸਨ। ਲੋਕ ਬੀਜੇਪੀ ਨੂੰ ਵੋਟ ਪਾਉਣ ਦੇ ਇੱਛੁਕ ਹਨ ਪਰ ਉਹ ਉਨ੍ਹਾਂ ਨੂੰ ਵੋਟ ਨਹੀਂ ਪਾਉਣ ਦੇ ਰਹੇ।
ਹਾਜਰਾ ਨੇ ਅੱਗੇ ਕਿਹਾ ਕਿ ਜਾਦਵਪੁਰ ਦੇ ਬੂਥ ਨੰਬਰ 150/137 ਉੱਤੇ ਟੀਐਮਸੀ ਦੀ ਮਹਿਲਾ ਕਾਰਕੁੰਨ ਚਿਹਰੇ ਢੱਕ ਕੇ ਫ਼ਰਜ਼ੀ ਵੋਟਿੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੈ ਜਦੋਂ ਅਸੀਂ ਇਹ ਸਵਾਲ ਚੁੱਕੇ ਤਾਂ ਵੋਟਿੰਗ ਕੇਂਦਰ ਵਿਚ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ।