ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਦੀ ਵੱਕਾਰੀ ਸੀਟ ਤੋਂ ਜਿੱਤ ਪ੍ਰਾਪਤ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।
ਲੋਕ ਸਭਾ ਮੈਂਬਰ ਤੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ, ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਜਮਹੂਰੀ ਗੱਠਜੋੜ ਮੋਰਚੇ ਤੋਂ ਬੀਬੀ ਦਸਵਿੰਦਰ ਕੌਰ ਤੇ ਆਪ ਵਲੋਂ ਕੁਲਦੀਪ ਸਿੰਘ ਧਾਲੀਵਾਲ ਮੁੱਖ ਤੌਰ 'ਤੇ ਚੋਣ ਮੈਦਾਨ 'ਚ ਹਨ ਜਦਕਿ ਬਾਕੀ ਉਮੀਦਵਾਰ ਆਜ਼ਾਦ ਤੌਰ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਬੀਤੇ ਦਿਨੀਂ ਹੋਈ ਚੋਣ ਦੌਰਾਨ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 15 ਲੱਖ 940 ਵੋਟਰਾਂ 'ਚੋਂ 56.35 ਫ਼ੀ ਸਦੀ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਜ਼ਿਲ੍ਹੇ ਦੀ ਵੋਟਰ ਸੂਚੀ ਵਿਚ ਇਸ ਵਾਰ 8 ਲੱਖ 1 ਹਜ਼ਾਰ 639 ਮਰਦ ਤੇ 7 ਲੱਖ 6 ਹਜ਼ਾਰ 178 ਔਰਤ ਵੋਟਰਾਂ ਦੇ ਨਾਂ ਦਰਜ ਸਨ।
ਅੰਮ੍ਰਿਤਸਰ ਸੰਸਦੀ ਹਲਕੇ ਵਿਚ 9 ਵਿਧਾਨ ਸਭਾ ਹਲਕੇ ਹਨ। ਇਨ੍ਹਾਂ 'ਚ ਅਜਨਾਲਾ, ਰਾਜਾਸਾਂਸੀ, ਮਜੀਠਾ, ਅਟਾਰੀ, ਅੰਮ੍ਰਿਤਸਰ-ਉੱਤਰੀ, ਅੰਮ੍ਰਿਤਸਰ-ਪੱਛਮੀ, ਅੰਮ੍ਰਿਤਸਰ-ਕੇਂਦਰੀ, ਅੰਮ੍ਰਿਤਸਰ-ਪੂਰਬੀ, ਅੰਮ੍ਰਿਤਸਰ -ਦੱਖਣੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਲੋਕ ਸਭਾ ਦੀਆਂ 2014 ਦੀਆਂ ਚੋਣਾਂ ਮੌਕੇ ਮੋਦੀ ਲਹਿਰ ਦੇ ਬਾਵਜੂਦ ਭਾਜਪਾ-ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਅਰੁਣ ਜੇਤਲੀ ਨੂੰ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ 1 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਅੰਮ੍ਰਿਤਸਰ ਲੋਕ ਸਭਾ ਲਈ 2017 'ਚ ਹੋਈ ਉਪ ਚੋਣ ਦੌਰਾਨ ਵੀ ਇਹ ਸੀਟ ਕਾਂਗਰਸ ਦੀ ਹੀ ਝੋਲੀ ਪਈ ਰਹੀ ਸੀ। ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ 2 ਲੱਖ ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।