ਤਸਵੀਰ: ਸਮੀਰ ਸਹਿਗਲ
ਸੁਰਜੀਤ ਸਿੰਘ ਮੁਤਾਬਕ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੂੰ ਦੁਪਹਿਰ 1 ਵਜੇ ਤੱਕ 216787 ਵੋਟਾਂ ਮਿਲ ਚੁੱਕੀਆਂ ਸਨ ਤੇ ਉਹ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਹਰਦੀਪ ਸਿੰਘ ਪੁਰੀ ਤੋਂ 56951 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਸ੍ਰੀ ਪੁਰੀ ਨੂੰ 159836 ਵੋਟਾਂ ਪਈਆਂ ਸਨ।
ਇਸ ਤੋਂ ਪਹਿਲਾਂ ਸ੍ਰੀ ਔਜਲਾ 2697 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।
ਅੰਮ੍ਰਿਤਸਰ ਲੋਕ ਸਭਾ ਹਲਕੇ ’ਚ ਮੁੱਖ ਮੁਕਾਬਲਾ ਕਾਂਗਰਸ ਦੇ ਮੌਜੂਦਾ ਐੱਮਪੀ ਗੁਰਜੀਤ ਸਿੰਘ ਔਜਲਾ ਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਵਿਚਾਲੇ ਰਿਹਾ। ਸੀਪੀਆਈ ਦੇ ਦਸਵਿੰਦਰ ਕੌਰ ਵੀ ਚੋਣ ਮੈਦਾਨ ’ਚ ਸਨ।
ਇਸ ਹਲਕੇ ਤੋਂ ਗੁਰਜੀਤ ਸਿੰਘ ਔਜਲਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਉਹ 11 ਮਾਰਚ, 2017 ਨੂੰ ਐੱਮਪੀ ਬਣੇ ਸਨ। ਇਹ ਸੀਟ 23 ਨਵੰਬਰ, 2016 ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਖ਼ਾਲੀ ਹੋਈ ਸੀ।
ਲੋਕ ਸਭਾ ਹਲਕਾ ਨੰਬਰ 2 ਅੰਮ੍ਰਿਤਸਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਕੁਝ ਇਸ ਪ੍ਰਕਾਰ ਹੋ ਰਹੀ ਹੈ। ਅਜਨਾਲਾ, ਮਜੀਠਾ ਅਤੇ ਅੰਮ੍ਰਿਤਸਰ ਉੱਤਰੀ ਦੀਆਂ ਵੋਟਾਂ ਦੀ ਗਿਣਤੀ ਮਾਈ ਭਾਗੋ ਸਰਕਾਰੀ ਪਾਲੀਟੈਕਨਿਕ ਕਾਲਜ (ਲੜਕੀਆਂ) ਮਜੀਠਾ ਰੋਡ, ਅੰਮ੍ਰਿਤਸਰ ਵਿੱਚ ਜਦਕਿ ਰਾਜਾਸਾਂਸੀ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਲਾਅ ਕਾਲਜ , ਰਾਮ ਤੀਰਥ ਰੋਡ, ਅੰਮ੍ਰਿਤਸਰ ਪੱਛਮੀ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਕੀਤੀ ਜਾ ਰਹੀ ਹੈ।
ਇਸੇ ਤਰਾਂ ਅੰਮ੍ਰਿਤਸਰ ਕੇਂਦਰੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ ਵਿੱਚ , ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਫਾਰ ਵਿਮੈਨ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੀ ਖਾਲਸਾ ਕਾਲਜ ਫਾਰ ਫਾਰਮੇਸੀ ਅਤੇ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਵੋਟਾਂ ਦੀ ਗਿਣਤੀ ਕਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ,(ਲੜਕੇ) ਅੰਮ੍ਰਿਤਸਰ ਵਿੱਚ ਹੋ ਰਹੀ ਹੈ।