ਲੋਕ ਸਭਾ ਚੋਣਾਂ 2019 ਚ ਭਾਰਤੀ ਜਨਤਾ ਪਾਰਟੀ ਨੇ ਜ਼ਬਰਦਸਤ ਬਹੁਮਤ ਹਾਸਲ ਕਰਕੇ ਨਾ ਸਿਰਫ ਸਭ ਨੂੰ ਹੈਰਾਨ ਕੀਤਾ ਬਲਕਿ ਇਕ ਵਾਰ ਮੁੜ ਸਾਬਿਕ ਕਰ ਦਿੱਤਾ ਕਿ ਦੇਸ਼ ਚ ਮੋਦੀ ਲਹਿਰ ਤੋਂ ਬਾਅਦ ਹੁਣ ਮੋਦੀ ਹਨੇਰੀ ਆਈ ਹੈ। ਭਾਜਪਾ ਦੇ ਆਪਣੇ ਦਮ ਤੇ ਇਨ੍ਹਾਂ ਚੋਣਾਂ ਚ 300 ਦਾ ਅੰਕੜਾ ਪਾਰ ਕੀਤਾ ਤੇ ਵਿਰੋਧੀ ਪਾਰਟੀਆਂ ਨੂੰ ਕਰਾਰੀ ਮਾਤ ਪਾਈ। ਹੋਰ ਤਾਂ ਹੋਰ ਮਹਾਗਠਜੋੜ ਦੇ ਫੋਕੇ ਫੈਂਟਰ ਵੀ ਤਿੱਲੇ ਵਾਂਗ ਉਡਾ ਕੇ ਪਾਸੇ ਮਾਰ ਸੁੱਟੇ ਤੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ।
ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਯੂਪੀ ਦੀ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਹਰਾ ਦਿੱਤਾ। ਹਾਲਾਕਿ ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਜਿੱਤ ਦਰਜ ਕਰਨ ਚ ਕਾਮਯਾਬ ਰਹੇ।
ਮਨੋਜ ਸਿਨਹਾ
ਭਾਜਪਾ ਦੇ ਰਸੂਖ਼ਦਾਰ ਨੇਤਾ ਮਨੋਜ ਸਿਨਹਾ ਨੂੰ ਗਾਜੀਪੁਰ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬਸਪਾ ਦੇ ਅਫ਼ਜ਼ਲ ਅੰਸਾਰੀ ਨੇ ਉਨ੍ਹਾਂ ਨੂੰ ਹਰਾ ਦਿੱਤਾ।
ਮੀਸਾ ਭਾਰਤੀ
ਰਾਜਦ ਆਗੂ ਤੇ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਪਿਛਲੀ ਵਾਰ ਵਾਂਗ ਇਸ ਵਾਰ ਵੀ ਪਾਟਲੀਪੁੱਤਰ ਸੀਟ ਤੋਂ ਹਾਰ ਗਈ। ਉਨ੍ਹਾਂ ਨੂੰ ਭਾਜਪਾ ਦੇ ਰਾਮਗੋਪਾਲ ਯਾਦਵ ਨੇ ਹਰਾਇਆ।
ਦਿਗਵਿਜੇ ਸਿੰਘ
ਕਾਂਗਰਸ ਦੇ ਨਾਮੀ ਨੇਤਾ ਦਿਗਵਿਜੇ ਸਿੰਘ ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਦੀ ਸਾਧਵੀਂ ਪ੍ਰੱਗਿਆ ਸਿੰਘ ਠਾਕੁਰ ਨੇ ਹਰਾਇਆ ਹੈ।
ਸ਼ਤਰੂਘਣ ਸਿਨਹਾ
ਭਾਜਪਾ ਛੱਡ ਕਾਂਗਰਸ ਦਾ ਹੱਥ ਫੜਨ ਵਾਲੇ ਸ਼ਤਰੂਘਣ ਸਿਨਹਾ ਨੂੰ ਪਟਨਾ ਸਾਹਿਬ ਸੀਟ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਸ਼ਤਰੂਘਣ ਨੂੰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਭਾਰੀ ਵੋਟਾਂ ਨਾਲ ਹਰਾ ਦਿੱਤਾ।
ਉਪੇਂਦਰ ਕੁਸ਼ਵਾਹਾ
ਰਾਲੋਸਪਾ ਮੁਖੀ ਉਪੇਂਦਰ ਕੁ਼ਸ਼ਵਾਹਾ ਇਸ ਵਾਰ ਆਪਣੀ ਸੀਟ ਨਹੀਂ ਬਚਾ ਸਕੇ। ਐਨਡੀਏ ਛੱਡ ਕੇ ਯੂਪੀਏ ਦਾ ਹਿੱਸਾ ਹੋਣ ਵਾਲੇ ਉਪੇਂਦਰ ਨੂੰ ਕਾਰਾਕਾਟ ਤੋਂ ਜੇਡੀਯੂ ਦੇ ਮਹਾਬਲੀ ਸਿੰਘ ਨੇ ਹਰਾਇਆ ਹੈ।
ਮੀਰਾ ਕੁਮਾਰ
ਕਾਂਗਰਸੀ ਆਗੂ ਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਵੀ ਸਾਸਾਰਾਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੀਰਾ ਕੁਮਾਰ ਭਾਜਪਾ ਦੇ ਛੇਦੀ ਪਾਸਵਾਨ ਤੋਂ 1,65,000 ਵੋਟਾਂ ਨਾਲ ਹਾਰ ਗਈ।
ਜਯਾ ਪ੍ਰਦਾ
ਹੁਣੇ ਜਿਹੇ ਭਾਜਪਾ ਚ ਸ਼ਾਮਲ ਹੋਏ ਸ਼੍ਰੀਮਤੀ ਜਯਾ ਪ੍ਰਦਾ ਨੂੰ ਸਪਾ ਦੇ ਆਜ਼ਮ ਖ਼ਾਨ ਨੇ ਹਰਾ ਦਿੱਤਾ।
ਸੰਬਿਤ ਪਾਤਰਾ
ਓਡੀਸ਼ਾ ਦੀ ਪੁਰੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਸਟਾਰ ਬੁਲਾਰੇ ਸੰਬਿਤ ਪਾਤਰਾ ਦੀ ਹਾਰ ਹੋਈ ਹੈ। ਸੰਬਿਤ ਪਾਤਰਾ ਨੂੰ ਬੀਜੇਡੀ ਦੇ ਪਿਨਾਕੀ ਮਿਸ਼ਰਾ ਨੇ ਹਰਾਇਆ ਹੈ।
ਜਯੋਤਿਰਾਦਿਤਿਆ ਸਿੰਧਿਆ
ਮੱਧ ਪ੍ਰਦੇਸ਼ ਦੀ ਗੁਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਜਨਰਲ ਸਕੱਤਰ ਜਯੋਤਿਰਾਦਿਤਿਆ ਸਿੰਧਿਆ ਨੂੰ ਭਾਜਪਾ ਦੇ ਕ੍ਰਿਸ਼ਣਾ ਪਾਲ ਸਿੰਘ ਨੇ ਹਰਾ ਦਿੱਤਾ ਹੈ। ਦੱਸ ਦੇਈਏ ਕਿ ਪੱਛਮੀ ਉੱਤਰ ਪ੍ਰਦੇਸ਼ ਦੀ ਕਮਾਨ ਵੀ ਸਿੰਧਿਆ ਕੋਲ ਹੀ ਸੀ।
ਸ਼ੀਲਾ ਦੀਕਸ਼ਿਤ
ਦਿੱਲੀ ਕਾਂਗਰਸ ਇਕਾਈ ਦੀ ਸੂਬਾਈ ਪ੍ਰਧਾਨ ਸ਼ੀਲਾ ਦੀਕਸ਼ਿਤ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੀਲਾ ਦੀਕਸ਼ਿਤ ਨੂੰ ਮਨੋਜ ਤਿਵਾੜੀ ਨੇ ਹਰਾਇਆ।
.