ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਗਠਜੋੜ ਦੇ ਦਰਵਾਜੇ ਖੁੱਲ੍ਹੇ ਹਨ। ਸ਼ੁੱਕਰਵਾਰ ਨੂੰ ਭਾਰਤੀ ਕਾਂਗਰਸ ਕਮੇਟੀ ਦੇ ਦਿੱਲੀ ਦੇ ਇੰਚਾਰਜ ਪੀ ਸੀ ਚਾਕੋ ਦੇ ਬਿਆਨ ਦੇ ਬਾਅਦ ਦੋਵੇਂ ਪਾਰਟੀਆਂ ਵਿਚ ਸਰਗਰਮੀ ਫਿਰ ਤੋਂ ਤੇਜ ਹੋ ਗਈਆਂ ਹਨ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਗਠਜੋੜ ਦੇ ਪੱਖ ਵਿਚ ਆਪਣੀ ਭਾਵਨਾ ਤੋਂ ਜਾਣੂ ਕਰਵਾਇਆ ਹੈ। ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਦਿੱਲੀ ਵਿਚ ਭਾਜਪਾ ਜਨਤਾ ਪਾਰਟੀ ਨੂੰ ਹਰਾਉਣ ਲਈ ਦੋਵੇਂ ਪਾਰਟੀਆਂ ਦਾ ਗਠਜੋੜ ਜ਼ਰੂਰੀ ਹੈ।
ਪੀਸੀ ਚਾਕੋ ਨੇ ਇਸ ਸਬੰਧੀ ਪੁੱਛੇ ਜਾਣ ਉਤੇ ‘ਹਿੰਦੁਸਤਾਨ’ ਨੂੰ ਕਿਹਾ ਕਿ ਮੈਂ ਗਠਜੋੜ ਦੇ ਪੱਖ ਵਿਚ ਹਾਂ। ਗਠਜੋੜ ਹੀ ਭਾਜਪਾ ਨੂੰ ਹਰਾਉਣ ਦਾ ਇਕੋ–ਇਕ ਰਸਤਾ ਹੈ। ਮੈਂ ਆਪਣੀ ਰਾਏ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਹੈ। ਦਿੱਲੀ ਪਾਰਟੀ ਪ੍ਰਧਾਨ ਸ਼ੀਲਾ ਦਕਿਸ਼ਤ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਚਾਕੋ ਨੇ ਕਿਹਾ ਕਿ ਇਸ ਸਬੰਧੀ ਪਾਰਟੀ ਆਗੂਆਂ ਦੇ ਵਿਚ ਗੱਲਬਾਤ ਚਲ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਕਿਹਾ ਕਿ ਦੇਰੀ ਜ਼ਰੂਰ ਹੋਈ ਹੈ ਪ੍ਰੰਤੂ ਸਾਡੇ ਰਾਹ ਖੁੱਲ੍ਹੇ ਹਨ।
ਰਾਹੁਲ ਗਾਂਧੀ ਕਰਨਗੇ ਆਖਰੀ ਫੈਸਲਾ
ਕਾਂਗਰਸ ਸੂਤਰਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਵਾਰ ਫਿਰ ਤੋਂ ਇਸ ਸਬੰਧੀ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਸਕਦੇ ਹਨ। ਜੇਕਰ ਸਭ ਕੁਝ ਪਟੜੀ ਉਤੇ ਰਿਹਾ ਤਾਂ ਦੋਵੇਂ ਪਾਰਟੀਆਂ ਵਿਚ ਗਠਜੋੜ ਨੂੰ ਲੈ ਕੇ ਅਧਿਕਾਰਤ ਗੱਲਬਾਤ ਛੇਤੀ ਸ਼ੁਰੂ ਹੋ ਜਾਵੇਗੀ। ਚਾਕੋ ਨੇ ਕਿਹਾ ਕਿ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਨੇ ਹੀ ਕਰਨਾ ਹੈ।
ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਦਬਾਅ
ਜ਼ਿਕਰਯੋਗ ਹੈ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸੂਬਾ ਇਕਾਈ ਦੀ ਪ੍ਰਧਾਨ ਸ਼ੀਲਾ ਦੀਕਿਸ਼ਤ ਨੇ ਖੁੱਲ੍ਹਕੇ ਗਠਜੋੜ ਦਾ ਵਿਰੋਧ ਕੀਤਾ ਹੈ। ਪ੍ਰੰਤੂ ਅਜੈ ਮਾਕਨ, ਹਸਨ ਅਹਿਮਦ ਸਮੇਤ ਕਈ ਸੀਨੀਅਰ ਆਗੂ ਖੁੱਲ੍ਹਕੇ ਗਠਜੋੜ ਦੇ ਪੈਰਵੀ ਕਰ ਰਹੇ ਹਨ। ਰਾਹੁਲ ਗਾਂਧੀ ਦੇ ਘਰ ਹੋਈ ਮੀਟਿੰਗ ਵਿਚ ਇਸ ਮਾਮਲੇ ਉਤੇ ਸਹਿਮਤੀ ਨਹੀਂ ਬਣੀ ਸੀ। ਪ੍ਰੰਤੂ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਗਠਜੋੜ ਨੂੰ ਲੈ ਕੇ ਦਬਾਅ ਕਾਰਨ ਹੀ ਪਾਰਟੀ ਦੁਬਾਰਾ ਵਿਚਾਰ ਕਰਨ ਨੂੰ ਮਜਬੂਰ ਹੋਈ। ਮੰਨਿਆ ਜਾਂਦਾ ਹੈ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਟੀਡੀਪੀ ਆਗੂ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਖ ਅਬਦੁਲਾ ਨੇ ਖੁਦ ਰਾਹੁਲ ਗਾਂਧੀ ਨੂੰ ਗਠਜੋੜ ਲਈ ਕਿਹਾ ਸੀ। ਕਾਂਗਰਸ ਵੱਲੋਂ ਐਪ ਰਾਹੀਂ ਇਕ ਆਨਲਾਈਨ ਸਰਵੇ ਵੀ ਕਰਵਾਇਆ ਗਿਆ ਸੀ। ਹਾਲਾਂਕਿ ਉਸਦੀ ਰਿਪੋਰਟ ਪਾਰਟੀ ਨੇ ਜਨਤਕ ਨਹੀਂ ਕੀਤੀ।
ਦਿੱਲੀ ’ਚ ਹੋਏ ਗਠਜੋੜ ਦਾ ਪੰਜਾਬ, ਹਰਿਆਣਾ ’ਚ ਵੀ ਹੋਵੇਗਾ ਅਸਰ
ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਗਠਜੋੜ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚ ਸਹਿਮਤੀ ਬਣੀ ਤਾਂ ਇਸਦਾ ਅਸਰ ਆਸਪਾਸ ਦੇ ਹੋਰ ਸੂਬਿਆਂ ਵਿਚ ਕਰੀਬ 30 ਸੀਟਾਂ ਉਤੇ ਪੈ ਸਕਦਾ ਹੈ। ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਤੋਂ ਇਲਾਵਾ ਹਰਿਆਣਾ ਵਿਚ ਦਸ ਅਤੇ ਪੰਜਾਬ ਦੀਆਂ 13 ਸੀਟਾਂ ਉਤੇ ਦੋਵੇਂ ਪਾਰਟੀਆਂ ਵਿਚ ਸਹਿਮਤੀ ਬਣ ਸਕਦੀ ਹੈ। ਹਾਲਾਂਕਿ ਅਜੇ ਇਸ ਸਬੰਧੀ ਕਾਂਗਰਸ ਵੱਲੋਂ ਅਧਿਕਾਰਤ ਤੌਰ ਉਤੇ ਕੁਝ ਨਹੀਂ ਕਿਹਾ ਗਿਆ।