ਕਾਂਗਰਸ ਦੇ ਆਗੂ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਇੱਕ ਨਵੀਂ ਛੁਰਲੀ ਛੱਡਦਿਆਂ ਆਖਿਆ ਹੈ ਕਿ – ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਅਜਿਹੀ ਨਵੀਂ–ਵਿਆਹੀ ਲਾੜੀ ਵਾਂਗ ਹਨ, ਜੋ ਆਪਣੀਆਂ ਵੰਗਾਂ (ਚੂੜੀਆਂ) ਖਣਕਾ ਕੇ ਤਾਂ ਰੌਲ਼ਾ ਬਹੁਤ ਪਾਉਂਦੀ ਹੈ ਪਰ ਰੋਟੀਆਂ ਨਹੀਂ ਬਣਾਉਂਦੀ ਤੇ ਕੰਮ ਕੋਈ ਨਹੀਂ ਕਰਦੀ।’
ਸ੍ਰੀ ਸਿੱਧੂ ਨੇ ਸ੍ਰੀ ਮੋਦੀ ਨੂੰ ‘ਮਹਾਂ–ਝੂਠਾ’, ਦੇਸ਼ ਵਿੱਚ ਫੁਟ ਪਾਉਣ ’ਚ ਸਭ ਤੋਂ ਮੋਹਰੀ ਤੇ ਅੰਬਾਨੀ ਅਤੇ ਅਡਾਨੀ ਜਿਹੇ ਅਮੀਰ ਸਨਅਤਕਾਰਾਂ ਦਾ ‘ਬਿਜ਼ਨੇਸ ਮੈਨੇਜਰ’ ਵੀ ਆਖਿਆ। ਉਨ੍ਹਾਂ ਕਿਹਾ ਕਿ ਚੋਣਾਂ ਲੋਕਾਂ ਦੀ ਭਲਾਈ ਲਈ ਲੜੀਆਂ ਜਾ ਰਹੀਆਂ ਹਨ, ਭਾਜਪਾ ਵਿਰੁੱਧ ਨਹੀਂ ਕਿਉਂਕਿ ਇਹ ਪਾਰਟੀ ਇਸ ਵੇਲੇ ਦੇਸ਼ ਨੂੰ ਲੁੱਟ ਰਹੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਵਿਰੁੱਧ ਮੁੱਦੇ ਇਸ ਲਈ ਉਠਾਉਂਦੇ ਹਨ ਕਿ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਕਿਤੇ ਸਾਡੇ ਉੱਤੇ ਉਂਗਲ਼ ਚੁੱਕ ਕੇ ਇਹ ਨਾ ਆਖਣ ਕਿ – ‘ਜਦੋਂ ਭਾਜਪਾ ਦੇਸ਼ ਨੂੰ ਲੁੱਟ ਰਹੀ ਸੀ, ਤਦ ਅਸੀਂ ਕੁਝ ਨਹੀਂ ਕੀਤਾ।’
ਸ੍ਰੀ ਸਿੱਧੂ ਨੇ ਕਿ ਉਨ੍ਹਾਂ ਨੇ ਆਪਣੀਆਂ ਛੇ ਪ੍ਰੈਸ ਕਾਨਫ਼ਰੰਸਾਂ ਦੌਰਾਨ ਬਹੁਤ ਸਾਰੇ ਮੁੱਦੇ ਉਠਾਏ ਹਨ ਪਰ ਸ੍ਰੀ ਮੋਦੀ ਨੇ ਕਦੇ ਇੱਕ ਵੀ ਮੁੱਦਾ ਨਹੀਂ ਚੁੱਕਿਆ। ਉਨ੍ਹਾਂ ਨੇ ਨਾ ਤਾਂ ਕਦੇ ਔਰਤਾਂ ਦੀ ਸੁਰੱਖਿਆ ਦੀ ਗੱਲ ਕੀਤੀ, ਨਾ ਕਦੇ ਸਿੱਖਿਆ, ਭੁੱਖਮਰੀ ਤੇ ਨਾ ਕਦੇ ਕਿਸਾਨਾਂ ਦੇ ਮੁੱਦੇ ਆਪਣੀਆਂ ਚੋਣ ਰੈਲੀਆਂ ਦੌਰਾਨ ਛੋਹੇ।