ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​SAD ਤੇ ‘ਆਪ’ ’ਚ ਬਗ਼ਾਵਤ ਕਾਰਨ ਪੰਜਾਬ ਕਾਂਗਰਸ ਨੂੰ ਪੁੱਜੇਗਾ ਆਮ ਚੋਣਾਂ ’ਚ ਲਾਭ

ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ

ਚਾਰ ਵਰ੍ਹੇ ਪਹਿਲਾਂ ਪੰਜਾਬ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਸ਼ਾਂਤੀ–ਪਸੰਦ ਮੁਜ਼ਾਹਰਾਕਾਰੀਆਂ ਉੱਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਲਈ ‘ਜ਼ਿੰਮੇਵਾਰ ਕਰਾਰ ਦਿੱਤੇ ਜਾਣ’ ਕਾਰਨ ਸ਼੍ਰੋਮਣੀ ਅਕਾਲੀ ਦਲ (SAD) ਨੇ ਇਸ ਵੇਲੇ ਕੁਝ ਰੱਖਿਆਤਮਕ ਰਵੱਈਆ ਅਪਣਾਇਆ ਹੋਇਆ ਹੈ।

 

 

ਸਾਲ 2014 ਦੀਆਂ ਆਮ ਚੋਣਾਂ ਦੌਰਾਨ ਸਮੁੱਚੇ ਉੱਤਰੀ ਭਾਰਤ ਵਿੱਚ ਜਦੋਂ ਨਰਿੰਦਰ ਮੋਦੀ ਦੀ ਲਹਿਰ ਸੀ, ਉਦੋਂ ਵੀ ਪੰਜਾਬ ਵਿੱਚ ਉਸ ਲਹਿਰ ਦਾ ਕੋਈ ਅਸਰ ਨਹੀਂ ਪਿਆ ਸੀ। ਅਕਾਲੀ–ਭਾਜਪਾ ਗੱਠਜੋੜ ਨੇ ਉਦੋਂ ਕੁੱਲ 13 ਸੀਟਾਂ ਵਿੱਚੋਂ ਛੇ ਜਿੱਤੀਆਂ ਸਨ, ਜਦ ਕਿ ਆਮ ਆਦਮੀ ਪਾਰਟੀ ਦੇ ਚਾਰ ਐੱਮਪੀ ਚੁਣੇ ਗਏ ਸਨ।

 

 

ਉਸ ਦੇ ਤਿੰਨ ਸਾਲਾਂ ਪਿੱਛੋਂ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਸਨ ਤੇ ਉਨ੍ਹਾਂ ਚੋਣਾਂ ਵਿੱਚ ਪਾਰਟੀ ਨੂੰ ਦੋ–ਤਿਹਾਈ ਬਹੁਮੱਤ ਮਿਲਿਆ ਸੀ। ਉਦੋਂ ਸੱਤਾਧਾਰੀ ਅਕਾਲੀ–ਭਾਜਪਾ ਗੱਠਜੋੜ ਤੀਜੇ ਨੰਬਰ ਉੱਤੇ ਚਲਾ ਗਿਆ ਸੀ।

 

 

ਹੁਣ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਹਾਲਾਤ ਕੁਝ ਬਦਲ ਗਏ ਹਨ। ਪਿਛਲੇ ਤਿੰਨ ਹਫ਼ਤਿਆਂ ਤੋਂ ਪਾਕਿਸਤਾਨ ਹੁਣ ਸਿਆਸੀ ਬਹਿਸ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ। ਭਾਜਪਾ ਜਿਵੇਂ ਪੂਰੇ ਦੇਸ਼ ਵਿੱਚ ਰਾਸ਼ਟਰਵਾਦ ਬਾਰੇ ਚਰਚਾ ਕਰ ਰਹੀ ਹੈ ਤੇ ਆਪਣੇ ਰਾਸ਼ਟਰੀ ਸੁਰੱਖਿਆ ਦੇ ਰਿਕਾਰਡ ਬਾਰੇ ਗੱਲ ਕਰਦੀ ਹੈ; ਤਿਵੇਂ ਹੀ ਉਹ ਪੰਜਾਬ ਵਿੱਚ ਵੀ ਕਰ ਰਹੀ ਹੈ।

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਪਹਿਲਾਂ ਇੱਕ ਫ਼ੌਜੀ ਰਹੇ ਹਨ। ਉਨ੍ਹਾਂ ਪਾਕਿਸਤਾਨ ਸਥਿਤ ਦਹਿਸ਼ਤਗਰਦ ਜੱਥੇਬੰਦੀ ਜੈਸ਼–ਏ–ਮੁਹੰਮਦ ਵੱਲੋਂ ਪੁਲਵਾਮਾ ’ਚ ਹਮਲਾ ਕਰ ਕੇ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਦੇ ਬਾਅਦ ਤੋਂ ਲੈ ਕੇ ਪਾਕਿਸਤਾਨ ਉੱਤੇ ਭਾਰਤੀ ਹਵਾਈ ਫ਼਼ੌਜ ਦੇ ਹਮਲਿਆਂ, ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦ ਵਰਧਮਾਨ ਸਭ ਘਟਨਾਵਾਂ ਉੱਤੇ ਆਪਣੀਆਂ ਟਿੱਪਣੀਆਂ ਕਰਦਿਆਂ ਪਾਕਿਸਤਾਨ ਨੂੰ ਖ਼ੂਬ ਲਤਾੜਿਆ ਹੈ।

 

 

ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਪਾ–ਵਿਰੋਧੀ ਬਿਆਨ ਆਉਂਦੇ ਰਹੇ ਹਨ। ਇਸ ਕਾਰਨ ਕਾਂਗਰਸ ਪਾਰਟੀ ਦੇ ਕਾਡਰਾਂ ਵਿੱਚ ਕੁਝ ਭੰਬਲਭੂਸਾ ਵੀ ਪੈਦਾ ਹੁੰਦਾ ਰਿਹਾ ਹੈ।

 

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਹੈੱਡ ਪ੍ਰੋਫ਼ੈਸਰ ਜਗਰੂਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਕਾਰਨ ਪੰਜਾਬ ਦੇ ਵੋਟਰਾਂ ਦੇ ਵੋਟਾਂ ਪਾਉਣ ਦੇ ਆਪਣੇ ਨਿਜੀ ਫ਼ੈਸਲਿਆਂ ਉੱਤੇ ਕੋਈ ਅਸਰ ਵਿਖਾਈ ਨਹੀਂ ਦੇਵੇਗਾ। ਦਰਅਸਲ, ਜੇ ਕਿਤੇ ਭਾਰਤ ਤੇ ਪੰਜਾਬ ਵਿੱਚ ਜੰਗ ਛਿੜਦੀ ਹੈ, ਤਾਂ ਇਸ ਦਾ ਸਭ ਤੋਂ ਮਾੜਾ ਅਸਰ ਪੰਜਾਬ ਤੇ ਪੰਜਾਬੀਆਂ ਉੱਤੇ ਹੀ ਪਵੇਗਾ। ਭਾਜਪਾ ਇਸ ਸੂਬੇ ਵਿੱਚ ਉਂਝ ਵੀ ਹਾਸ਼ੀਏ ਉੱਤੇ ਪੁੱਜ ਚੁੱਕੀ ਹੈ ਤੇ ਇਨ੍ਹਾਂ ਚੋਣਾਂ ਦੌਰਾਨ ਉਸ ਨੂੰ ਅਜਿਹੇ ਹਾਲਾਤ ਤੋਂ ਕੋਈ ਲਾਹਾ ਨਹੀਂ ਮਿਲਣਾ।

 

 

ਉਂਝ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਉੱਠਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਰਾਹਤ ਮਿਲੀ ਸੀ ਕਿਉਂਕਿ ਬਹੁਤੇ ਪਿੰਡਾਂ ਵਿੱਚ ਖ਼ਾਸ ਕਰ ਕੇ ਉਸ ਦੇ ਆਗੂਆਂ ਤੇ ਉਮੀਦਵਾਰਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਚਾਰ ਵਰ੍ਹੇ ਪੁਰਾਣੀਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕ–ਮਨਾਂ ਵਿੱਚੋਂ ਰੋਹ ਤੇ ਰੋਸ ਦਾ ਲਾਵਾ ਫੁੱਟਿਆ ਹੋਇਆ ਹੈ।

 

 

ਪਿਛਲੇ ਕੁਝ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ (ਆਪ) ਨੂੰ ਬਹੁਤ ਸਾਰੇ ਬਾਗ਼ੀ ਛੱਡ ਕੇ ਜਾ ਚੁੱਕੇ ਹਨ ਤੇ ਇੰਝ ਉਨ੍ਹਾਂ ਨੂੰ ਅੰਦਰੂਨੀ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਨੀਅਰ ਆਗੂ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੀ ਵੱਖਰੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ – ਟਕਸਾਲੀ’ ਬਣਾ ਲਈ ਹੈ। ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਆਪਣੀ ਵੱਖਰੀ ਪੰਜਾਬੀ ਏਕਤਾ ਪਾਰਟੀ ਬਣਾ ਲਈ ਹੈ।

 

 

ਉੱਧਰ ਹੁਣ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਦੀ ਥਾਂ ਫ਼ਿਰੋਜ਼ਪੁਰ ਤੋਂ ਚੋਣ ਲੜਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦਰਅਸਲ, ਹੁਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕ–ਮਨਾਂ ਵਿੱਚ ਕਾਫ਼ੀ ਰੋਹ ਹੈ ਅਤੇ ਬਠਿੰਡਾ ਤੋਂ ਬਰਗਾੜੀ ਬਹੁਤ ਨੇੜੇ ਹੈ। ਸਾਲ 2015 ਦੌਰਾਨ ਬਰਗਾੜੀ ਪੰਜਾਬ ਪੁਲਿਸ ਦੀ ਗੋਲੀਬਾਰੀ ਦੌਰਾਨ ਦੋ ਸਿੱਖ ਮੁਜ਼ਾਹਰਾਕਾਰੀ ਮਾਰੇ ਗਏ ਸਨ। ਇਹ ਸੋਚ ਕੇ ਕਿ ਕਿਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀਆਂ ਵੋਟਾਂ ਉੱਤੇ ਕੋਈ ਮਾੜਾ ਅਸਰ ਨਾ ਪਵੇ, ਇਸ ਲਈ ਐਤਕੀਂ ਉਨ੍ਹਾਂ ਨੂੰ ਕੁਝ ਸੁਰੱਖਿਅਤ ਹਲਕੇ ਫ਼ਿਰੋਜ਼ਪੁਰ ਤੋਂ ਚੋਣ ਲੜਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

 

 

ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਤੇ ਪਟਿਆਲਾ ਤੋਂ ਐੱਮਪੀ ਡਾ. ਧਰਮਵੀਰ ਗਾਂਧੀ ਨੇ ਮਿਲ ਕੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਣਾਇਆ ਹੈ, ਜਿਸ ਵਿੱਚ ਬਹੁਜਨ ਸਮਾਜ ਪਾਰਟੀ ਵੀ ਸ਼ਾਮਲ ਹੈ। ਇਸ ਨੂੰ ਚੌਥਾ ਮੋਰਚਾ ਮੰਨਿਆ ਜਾ ਰਿਹਾ ਹੈ। ਇਹ ਗੱਠਜੋੜ ਸਾਰੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗਾ ਤੇ ਇਸ ਦਾ ਮੁੱਖ ਮੰਤਵ ਕਾਂਗਰਸ ਤੇ ਬਾਦਲਾਂ ਦੋਵਾਂ ਨੂੰਹਰਾਉਣਾ ਹੈ।

 

 

ਸਪੱਸ਼ਟ ਹੈ ਕਿ ਬਾਗ਼ੀ ਧੜਿਆਂ ਨੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਬਹੁਤੀਆਂ ਸੀਟਾਂ ਉੱਤੇ ਮੁਕਾਬਲੇ ਬਹੁ–ਕੋਨੇ ਹੋ ਗਏ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ 38% ਵੋਟਾਂ ਮਿਲੀਆਂ ਸਨ। ਫਿਰ ਕਾਂਗਰਸ ਨੇ ਗੁਰਦਾਸਪੁਰ ਲੋਕ ਸਭਾ ਤੇ ਸ਼ਾਹਕੋਟ ਵਿਧਾਨ ਸਭਾ ਜ਼ਿਮਨੀ ਚੋਣਾਂ ਵੀ ਜਿੱਤੀਆਂ ਸਨ। ਉਨ੍ਹਾਂ ਚੋਣਾਂ ਤੋਂ ਬਾਅਦ ਨਗਰ ਕੌਂਸਲ ਤੇ ਪੰਚਾਇਤ ਚੋਣਾਂ ਵਿੱਚ ਵੀ ਇਸ ਪਾਰਟੀਆਂ ਨੂੰ ਵੱਡੀਆਂ ਜਿੱਤਾਂ ਮਿਲੀਆਂ ਹਨ।

 

 

ਇਸ ਤੋਂ ਇਲਾਵਾ ਕਾਂਗਰਸ ਨੂੰ ਆਪਣੀ ਕਿਸਾਨ ਕਰਜ਼ਾ ਮਾਫ਼ੀ ਯੋਜਨਾ ਉੱਤੇ ਵੀ ਭਰੋਸਾ ਹੈ। ਫਿਰ ਇਹ ਪਾਰਟੀ ਗੈਂਗਸਟਰਾਂ ਤੇ ਦਹਿਸ਼ਤਗਰਦਾਂ ਦੇ ਮਾਡਿਯੂਲਜ਼ ਖ਼ਤਮ ਕਰਨ ਦੇ ਦਾਅਵੇ ਵੀ ਕਰ ਰਹੀ ਹੈ।

 

 

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਪੰਜਾਬ ਨੂੰ ਅੱਖੋਂ ਪ੍ਰੋਖੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਈ ਵਾਰ 31,000 ਕਰੋੜ ਰੁਪਏ ਦੇ ਫ਼ੂਡ ਕ੍ਰੈਡਿਟ ਅਕਾਊਂਟ ਕਰਜ਼ੇ ਦੇ ਨਿਬੇੜੇ ਲਈ ਬੇਨਤੀਆਂ ਕੀਤੀਆਂ ਸਨ ਤੇ ਸਰਹੱਦੀ ਇਲਾਕਿਆਂ ਲਈ ਉਦਯੋਗਿਕ ਪੈਕੇਜ ਐਲਾਨਣ ਲਈ ਵੀ ਕਿਹਾ ਗਿਆ ਸੀ ਪਰ ਕਿਸੇ ਬੇਨਤੀ ਉੱਤੇ ਕੋਈ ਗ਼ੌਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਤੇ ਜੀਐੱਸਟੀ ਨੇ ਛੋਟੇ ਤੇ ਦਰਮਿਆਨੇ ਉਦਯੋਗਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Congress will be beneficiary in LS polls