ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਚੰਗੇ ਪ੍ਰਧਾਨ ਮੰਤਰੀ ਸਾਬਿਤ ਹੋਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਚ ਕਾਂਗਰਸ ਦੇ ਜਿਹੜੇ ਉਮੀਦਵਾਰ ਨਹੀਂ ਜਿੱਤਣਗੇ, ਉਹ ਭਾਜਪਾ ਦੀ ਵੋਟਾਂ ਕੱਟਣਗੇ।
ਪ੍ਰਿਯੰਕਾ ਦਾ ਦਾਅਵਾ ਹੈ ਕਿ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਚ ਬੇਹਤਰੀਨ ਪ੍ਰਦਰਸ਼ਨ ਕਰਨ ਜਾ ਰਹੀ ਹੈ ਤੇ ਸੂਬੇ ਚ ਭਾਜਪਾ ਦੀ ਮਾੜੀ ਹਾਲਤ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਯੂਪੀ ਚ ਚੰਗੇ ਉਮੀਦਵਾਰ ਉਤਾਰੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਜਾਂ ਨਹੀਂ, ਇਸਦਾ ਫੈਸਲਾ ਜਨਤਾ ਕਰੇਗੀ।
ਪ੍ਰਿਯੰਕਾ ਨੇ ਭਾਜਪਾ ਦੀ ਸਮ੍ਰਿਤੀ ਇਰਾਨੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਯੂਪੀ ਚ ਭਾਜਪਾ ਦੀ ਹਾਰ ਹੋਣ ਵਾਲੀ ਹੈ ਤੇ ਉਹ ਸੋਚਦੇ ਹਨ ਕਿ ਇੱਥੋਂ ਦੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਵੰਡ ਕੇ ਪੂਰੇ ਪਿੰਡ ਦੀ ਵੋਟ ਪਲਟ ਦੇਣਗੇ। ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਜੁੱਤੀਆਂ ਵੰਡ ਕੇ ਕੇਂਦਰੀ ਮੰਤਰੀ ਅਮੇਠੀ ਦੇ ਲੋਕਾਂ ਦੀ ਬੇਇਜ਼ਤੀ ਕਰ ਰਹੀ ਹਨ। ਉਨ੍ਹਾਂ ਕਿਹਾ ਕਿ ਭਾਜਪਾ ਇਹ ਦਿਖਾਉਣਾ ਚਾਹ ਰਹੀ ਹੈ ਕਿ ਅਮੇਠੀ ਦੇ ਲੋਕਾਂ ਕੋਲ ਜੁੱਤੀਆਂ ਨਹੀਂ ਹਨ। ਇਸ ਤਰ੍ਹਾਂ ਰਾਜਨੀਤੀ ਨਹੀਂ ਚਲਦੀ।
ਉਨ੍ਹਾਂ ਕਿਹਾ ਕਿ ਅਮੇਠੀ ਦੇ ਲੋਕਾਂ ਦਾ ਸਾਡੇ ਪਰਿਵਾਰ ਨੂੰ ਹਮੇਸ਼ਾ ਪਿਆਰ ਮਿਲਦਾ ਰਿਹਾ ਹੈ ਕਿਉਂਕਿ ਮੇਰੇ ਪਿਤਾ ਨੇ ਇਸ ਥਾਂ ਦੇ ਲੋਕਾਂ ਲਈ ਬਹੁਤ ਸੰਘਰਸ਼ ਕੀਤਾ ਹੈ ਜਿਸ ਕਾਰਨ ਅੱਜ ਪੂਰੇ ਖੇਤਰ ਚ ਹਰਿਆਲੀ ਦਿਖਣ ਲਗੀ ਹੈ। ਪ੍ਰਿਯੰਕਾ ਨੇ ਇਸ ਮੌਕੇ ਰਾਹੁਲ ਗਾਂਧੀ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨੂੰ ਵੀ ਗਿਣਾਇਆ।
.