ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਤੋਂ ਜਾਖੜ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲੇ ਹੋਣਗੇ ਲਾਂਭੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੁਸ਼ਿਆਰਪੁਰ ਦੇ ਨਵੇਂ ਬਣੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਇਕ ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਲੋਕਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਪਾਰਟੀ ਹਾਈ ਕਮਾਨ ਵਲੋਂ ਮਿਲੀਆਂ ਹਦਾਇਤਾਂ ਮੁਤਾਬਕ ਲੋਕਸਭਾ ਚੋਣਾਂ ਲਈ ਪੰਜਾਬ ਦੇ ਉਮੀਦਵਾਰਾਂ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।

 

ਕੈਪਟਨ ਅਮਰਿੰਦਰ ਨੇ ਇਕ ਸਵਾਲ ਦੇ ਜਵਾਬ ਚ ਕਿਹਾ ਕਿ ਗੁਰਦਾਸਪੁਰ ਲੋਕਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਦੁਬਾਰਾ ਫਿਰ ਇਸੇ ਸੀਟ ਤੋਂ ਚੋਣ ਲੜਣਗੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸੀਟ ਤੋਂ ਸੁਨੀਲ ਜਾਖੜ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਜਾਵੇਗਾ।

 

ਦੱਸਣਯੋਗ ਹੈ ਕਿ ਗੁਰਦਾਸਪੁਰ ਸੰਸਦੀ ਹਲਕੇ ਦੀ ਨੁਮਾਇੰਦਗੀ ਇਸ ਵੇਲੇ ਕਾਂਗਰਸ ਦੇ 64 ਸਾਲਾ ਸ੍ਰੀ ਸੁਨੀਲ ਜਾਖੜ ਕਰ ਰਹੇ ਹਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ। ਸਾਲ 2007 ਵਿੱਚ ਉਹ ਅਬੋਹਰ ਵਿਧਾਨ ਸਭਾ ਹਲਕੇ ਤੋਂ MLA ਵੀ ਚੁਣੇ ਗਏ ਸਨ। ਜੇ ਉਨ੍ਹਾਂ ਦੀ ਇੱਕ ਐੱਮਪੀ ਜੀ ਕਾਰਗੁਜ਼ਾਰੀ ਦੀ ਸ਼ੁਰੂਆਤ ਕੀਤੀ ਜਾਵੇ, ਤਾਂ ਸਭ ਤੋਂ ਪਹਿਲਾਂ ਇਹੋ ਆਖਿਆ ਜਾਂਦਾ ਹੈ ਕਿ ਬਟਾਲਾ ਦੇ ਲੋਹਾ ਉਦਯੋਗ ਨੂੰ ਪੁਨਰ–ਸੁਰਜੀਤ ਕਰਨ ਲਈ ਉਨ੍ਹਾਂ ਕੁਝ ਨਹੀਂ ਕੀਤਾ ਪਰ ਸ਼ਾਹਪੁਰ ਕੰਡੀ ਪ੍ਰਾਜੈਕਟ ਨੂੰ ਹਰੀ ਝੰਡੀ ਦਿਵਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਮੰਨਿਆ ਜਾਂਦਾ ਹੈ।

 

 

ਹਿਮਾਚਲ ਪ੍ਰਦੇਸ਼ ਦੀ ਹਿਮਾਲਾ–ਪਰਬਤ ਲੜੀ ਦੇ ਪੈਰਾਂ ਵਿੱਚ ਸਥਿਤ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਸਰਹੱਦ ਪਾਕਿਸਤਾਨ ਨਾਲ ਵੀ ਲੱਗਦੀ ਹੈ। ਇਸ ਜ਼ਿਲ੍ਹੇ ਤੇ ਹਲਕੇ ਦੀ ਇੱਕ ਹੋਰ ਖ਼ਾਸੀਅਤ ਇਹ ਵੀ ਹੈ ਕਿ ਇੱਥੇ ਦੋ ਦਰਿਆ ਬਿਆਸ ਤੇ ਰਾਵੀ ਵਗਦੇ ਹਨ। ਇਸੇ ਰਾਵੀ ਦਰਿਆ ਦੇ ਕੰਢਿਆਂ ਉੱਤੇ ਸਥਿਤ ਹੈ ਕਰਤਾਰਪੁਰ ਸਾਹਿਬ ਗੁਰੂਘਰ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 16 ਵਰ੍ਹੇ ਬਿਤਾਏ ਸਨ।

 

 

ਸੁਨੀਲ ਜਾਖੜ ਅਰਥ–ਸ਼ਾਸਤਰ ਵਿਸ਼ੇ ਦੇ ਗ੍ਰੈਜੂਏਟ ਹਨ ਤੇ ਮਾਰਕਿਟਿੰਗ ਵਿੱਚ ਉਨ੍ਹਾਂ ਐੱਮਬੀਏ ਕੀਤੀ ਹੋਈ ਹੈ। ਸੰਸਦ ਵਿੱਚ ਉਹ ਅਕਸਰ ਕਿਸਾਨਾਂ ਦੇ ਮਸਲੇ ਤੇ ਉਨ੍ਹਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ, ਕੀਟ–ਨਾਸ਼ਕਾਂ ਦੀ ਹੱਦੋਂ ਵੱਧ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਦੇ ਮੁੱਦੇ ਉਠਾਉਂਦੇ ਰਹਿੰਦੇ ਹਨ। ਇਹੋ ਮੁੱਦੇ ਉਹ ਸੰਸਦ ਦੇ ਬਾਹਰ ਵੀ ਉਠਾਉਂਦੇ ਰਹੇ ਹਨ।

 

 

ਸ੍ਰੀ ਸੁਨੀਲ ਜਾਖੜ ਦੇ ਤਿੱਖੇ ਆਲੋਚਕਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸ਼ੈਰੀ ਕਲਸੀ ਦਾ ਕਹਿਣਾ ਹੈ ਕਿ – ‘ਗੁਰਦਾਸਪੁਰ ਹਲਕੇ ਦੀ ਜਨਤਾ ਤਾਂ ਸੁਨੀਲ ਜਾਖੜ ਨੂੰ ਚੁਣ ਕੇ ਇੱਕ ਤਰ੍ਹਾਂ ਠੱਗੀ ਗਈ ਹੈ। ਉਨ੍ਹਾਂ ਦੇ ਪ੍ਰੋਜੈਕਟਾਂ ਦੇ ਐਲਾਨ ਸਿਰਫ਼ ਅਖ਼ਬਾਰਾਂ ਤੱਕ ਮਹਿਦੂਦ ਹਨ।’ ਭਾਰਤੀ ਜਨਤਾ ਪਾਰਟੀ ਦੇ ਆਗੂ ਸਵਰਨ ਸਲਾਰੀਆ ਨਿੇ ਕਿਹਾ,‘ਗੁਰਦਾਸਪੁਰ ਹਲਕੇ ਨੂੰ ਬਹੁਤ ਜ਼ਿਆਦਾ ਲੋੜੀਂਦੇ ਪੁਲ਼ ਸੁਨੀਲ ਜਾਖੜ ਨੇ ਮਨਜ਼ੂਰ ਨਹੀਂ ਕਰਵਾਏ, ਉਹ ਪਿਛਲੀ ਰਾਜ ਸਰਕਾਰ ਨੇ ਹੀ ਉਨ੍ਹਾਂ ਦੇ MP ਬਣਨ ਤੋਂ ਪਹਿਲਾਂ ਪ੍ਰਵਾਨ ਕਰ ਦਿੱਤੇ ਸਨ। ਰੇਲਵੇ ਓਵਰਬ੍ਰਿਜ ਰੇਲਵੇਜ਼ ਤਿਆਰ ਕਰਵਾ ਰਿਹਾ ਹੈ, ਜਾਖੜ ਹੁਰਾਂ ਕੁਝ ਨਹੀਂ ਕੀਤਾ।’

 

 

ਮਰਹੂਮ ਐੱਮਪੀ ਤੇ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਨੇ ਕਿਉਂਕਿ ਆਪਣੇ ਗੁਰਦਾਸਪੁਰ ਹਲਕੇ ਵਿੱਚ ਕਈ ਪੁਲ਼ਾਂ ਦੀ ਉਸਾਰੀ ਕਰਵਾਈ ਸੀ, ਇਸੇ ਲਈ ਹੁਣ ਉਨ੍ਹਾਂ ਨੂੰ ਇੱਥੋਂ ਦੇ ਬਹੁਤੇ ਵੋਟਰ ‘ਪੁਲ਼ਾਂ ਵਾਲ਼ਾ ਖੰਨਾ’ ਦੇ ਨਾਂਅ ਨਾਲ ਵੀ ਚੇਤੇ ਕਰਦੇ ਹਨ। ਸ੍ਰੀ ਜਾਖੜ ਨੂੰ ਵਿਨੋਦ ਖੰਨਾ ਦੀ ਇਸ ਵਿਰਾਸਤ ਦਾ ਵੀ ਸਾਹਮਣਾ ਕਰਨਾ ਪਿਆ ਹੇ ਤੇ ਦੂਜੇ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ‘ਬਾਹਰੀ’ ਵਿਅਕਤੀ ਵੀ ਆਖਦੇ ਹਨ। ਹੁਣ ਸ੍ਰੀ ਜਾਖੜ ਨੇ ਵੀ ਇਸ ਹਲਕੇ ਵਿੱਚ ਲੋੜੀਂਦੇ ਪੁਲ਼ ਬਣਵਾਉਣੇ ਸ਼ੁਰੂ ਕਰ ਦਿੱਤੇ ਹਨ। ਉਹ ਹੁਣ ਇਹ ਵੀ ਦਾਅਵਾ ਕਰ ਰਹੇ ਹਨ ਕਿ ਵਿਨੋਦ ਖੰਨਾ ਨੇ ਪੁਲ਼ਾਂ ਦੇ ਕੇਵਲ ਉਦਘਾਟਨ ਹੀ ਕੀਤੇ ਸਨ, ਅਸਲ ਵਿੱਚ ਉਨ੍ਹਾਂ ਦੀ ਉਸਾਰੀ ਨਹੀਂ ਕਰਵਾਈ ਸੀ।

 

 

ਜੇ ਇਹ ਆਖ ਲਿਆ ਜਾਵੇ ਕਿ ਸੁਨੀਲ ਜਾਖੜ ਨੂੰ ਆਪਣੇ ਹਲਕੇ ਦੇ ਵੋਟਰਾਂ ਦੀਆਂ ਆਸਾਂ ਉੱਤੇ ਖਰੇ ਉੱਤਰਨ ਦਾ ਪੂਰਾ ਵਕਤ ਹੀ ਨਹੀਂ ਮਿਲਿਆ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਪਰ ਹੁਣ ਸ੍ਰੀ ਜਾਖੜ ਦਾਅਵਾ ਕਰਦੇ ਹਨ ਕਿ ਉਨ੍ਹਾਂ ਸੂਬਾ ਸਰਕਾਰ ਨੂੰ ਆਖ ਕੇ ਪੰਜ ਪੁਲ਼ ਤੇ ਇੱਕ ਰੇਲਵੇ ਓਵਰਬ੍ਰਿਜ ਮਨਜ਼ੂਰ ਕਰਵਾਏ ਹਨ। ਭਾਜਪਾ ਆਗੂ ਸਵਰਨ ਸਲਾਰੀਆ ਉਨ੍ਹਾਂ ਦੇ ਇਸ ਦਾਅਵੇ ਨੂੰ ਕੱਟਦੇ ਹਨ।

 

 

ਸ੍ਰੀ ਸੁਨੀਲ ਜਾਖੜ 2,793 ਕਰੋੜ ਰੁਪਏ ਦੇ ਸ਼ਾਹਪੁਰ ਕੰਡੀ ਪ੍ਰੋਜੈਕਟ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਖ ਕੇ ਕੇਂਦਰ ਤੋਂ ਪਾਸ ਕਰਵਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਦੇ ਹਨ। ਸ੍ਰੀ ਜਾਖੜ ਦਾ ਕਹਿਣਾ ਹੈ,‘ਮੁੱਖ ਮੰਤਰੀ ਮੇਰੇ ਕਹਿਣ ਉੱਤੇ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਲਈ ਗਏ ਸਨ ਤੇ ਇਹ ਪ੍ਰੋਜੈਕਟ ਉਸ ਤੋਂ ਬਾਅਦ ਹੀ ਸ਼ੁਰੂ ਹੋ ਸਕਿਆ ਹੈ।’

 

ਪੰਜਾਬ ਕੈਬਿਨੇਟ ਵਿੱਚ ਸ੍ਰੀ ਸੁਨੀਲ ਜਾਖੜ ਦੇ ਹਮਾਇਤੀ ਮੰਤਰੀ ਵੀ ਮੌਜੂਦ ਹਨ; ਜੋ ਉਨ੍ਹਾਂ ਦੀ ਮੰਗ ਮੁਤਾਬਕ ਗੁਰਦਾਸਪੁਰ ਹਲਕੇ ਵਿੱਚ ਸੜਕਾਂ, ਉੱਚੇ ਪੁਲ਼, ਖੰਡ ਮਿਲਾਂ ਤੇ ਡਿਗਰੀ ਕਾਲਜਾਂ ਦੀ ਮਨਜ਼ੂਰੀ ਤੁਰੰਤ ਦੇ ਦਿੰਦੇ ਹਨ।

 

ਬਟਾਲ਼ਾ ’ਚ ਦਵਾਈਆਂ ਦੇ ਥੋਕ ਕਾਰੋਬਾਰੀ ਅਰਵਿੰਦ ਸੇਖੜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸ਼ਹਿਰ ਵਿੱਚ ਥੋੜ੍ਹੇ ਜਿਹੇ ਮੀਂਹ ਨਾਲ ਹੀ ਗੋਡੇ–ਗੋਡੇ ਪਾਣੀ ਖਲੋ ਜਾਂਦਾ ਹੈ ਪਰ ਸ੍ਰੀ ਜਾਖੜ ਨੇ ਸਥਾਨਕ ਨਿਵਾਸੀਆਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਿਆ। ਧਰਮਪੁਰਾ ਜਿਹੇ ਇਲਾਕਿਆਂ ਚੋਂ ਤਾਂ ਮਰੀਜ਼ ਸਿਵਲ ਹਸਪਤਾਲ ਤੱਕ ਨਹੀਂ ਪੁੱਜ ਸਕਦੇ ਤੇ ਮ੍ਰਿਤਕ ਦੇਹਾਂ ਨੂੰ ਮੁਰਦਾਘਰ ਤੱਕ ਵੀ ਨਹੀਂ ਲਿਜਾਂਦਾ ਜਾ ਸਕਦਾ। ਹੁਣ ਬਟਾਲਾ ਨਿਵਾਸੀ ਜਾਖੜ ਨੂੰ ਵੋਟਾਂ ਕਿਉਂ ਪਾਉਣਗੇ।’

 

ਹੁਣ ਜਦੋਂ ਸੰਸਦੀ ਚੋਣਾਂ ਹੋਣ ਵਾਲੀਆਂ ਹਨ; ਅਜਿਹੇ ਵੇਲੇ ਗੁਰਦਾਸਪੁਰ ਵਿੱਚ ਸੋਸ਼ਲ ਮੀਡੀਆ ਉੱਤੇ ਜੰਗ ਛਿੜੀ ਹੋਈ ਹੈ। ਹੋਰ ਤਾਂ ਹੋਰ, ਕਾਂਗਰਸੀ ਆਗੂ ਵੀ ਇਸ ਵੇਲੇ ਸ੍ਰੀ ਜਾਖੜ ਦੇ ਵਿਰੁੱਧ ਬੋਲ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇੱਕ ਵਿਡੀਓ ਚੱਲ ਰਹੀ ਹੈ, ਜਿਸ ਵਿੱਚ ਯੂਥ ਕਾਂਗਰਸ ਦੇ ਆਗੂ ਸੁਰਿੰਦਰ ਬੇਦੀ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਵਿਖਾਈ ਦਿੰਦੇ ਹਨ ਕਿ ਇਸ ਵਾਰ ਉਮੀਦਵਾਰ ਗੁਰਦਾਸਪੁਰ ਹਲਕੇ ਦਾ ਹੀ ਹੋਣਾ ਚਾਹੀਦਾ ਹੈ। ਸ੍ਰੀ ਜਾਖੜ ਦਾ ਨਾ ਤਾਂ ਇਸ ਹਲਕੇ ਵਿੱਚ ਆਪਣਾ ਕੋਈ ਘਰ ਹੈ ਤੇ ਨਾ ਹੀ ਕੋਈ ਦਫ਼ਤਰ।

 

ਸ਼ੁੱਕਰਵਾਰ ਨੂੰ ਕਾਂਗਰਸ ਦੀ ਆਪਣੀ ਇੱਕ ਮੀਟਿੰਗ ਹੋਈ ਸੀ; ਜਿਸ ਵਿੱਚ ਸਾਬਕਾ ਮੰਤਰੀ ਰਮਨ ਭੱਲਾ ਨੇ ਸ੍ਰੀ ਜਾਖੜ ਦੀ ਗੁਰਦਾਸਪੁਰ ਤੋਂ ਮੁੜ ਉਮੀਦਵਾਰੀ ਦੇ ਦਾਅਵੇ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਉਨ੍ਹਾਂ ਆਖਿਆ ਸੀ ਕਿ ਹੁਣ ਸ੍ਰੀ ਜਾਖੜ ਦਾ ਫ਼ੈਸਲਾ ਇਸ ਹਲਕੇ ਦੇ ਵੋਟਰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ਉੱਤੇ ਹੀ ਕਰਨਗੇ।

 

ਅਜਿਹੇ ਦੋਸ਼ਾਂ ਦੇ ਜਵਾਬ ਵਿੱਚ ਸ੍ਰੀ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਉਹ ਤਾਂ ਆਪਣਾ ਘਰ ਵੀ ਪਠਾਨਕੋਟ ਲੈ ਆਏ ਸਨ ਤੇ ਗੁਰਦਾਸਪੁਰ ਅਤੇ ਪਠਾਨਕੋਟ ਸ਼ਹਿਰਾਂ ਵਿੱਚ ਆਪਣੇ ਦਫ਼ਤਰ ਵੀ ਖੋਲ੍ਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਲਗਭਗ ਹਰ ਹਫ਼ਤੇ ਆਪਣੀਆਂ ਮੰਗਾਂ ਦੀ ਸੂਚੀ ਲੈ ਰੇਲਵੇ ਮੰਤਰਾਲੇ ਪੁੱਜ ਜਾਂਦੇ ਹਨ। ਪਰ ਵਿਰੋਧੀਆਂ ਦਾ ਕਹਿਣਾ ਇਹੋ ਹੈ ਕਿ ਪਠਾਨਕੋਟ ਵਿੱਚ ਰੇਲ–ਪਟੜੀਆਂ ਕੁਝ ਵਧੇਰੇ ਹੋਣ ਕਾਰਨ ਆਵਾਜਾਈ ਦੇ ਜਾਮ ਲੱਗਦੇ ਹੀ ਰਹਿੰਦੇ ਹਨ।

 

ਸ੍ਰੀ ਜਾਖੜ ਨੂੰ ਐੱਮਪੀ ਵਜੋਂ ਮਿਲਣ ਵਾਲੇ ਫ਼ੰਡ ਦੇ ਤੌਰ ਉੱਤੇ 11.8 ਕਰੋੜ ਰੁਪਏ ਮਿਲੇ ਸਨ; ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ 50 ਪਿੰਡਾਂ ਵਿੱਚ ਮਹਿੰਗੇ ਸਪੋਰਟਸ ਪਾਰਕ ਬਣਵਾਏ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇਹ 70% ਫ਼ੰਡ ਦਿਹਾਤੀ ਇਲਾਕਿਆਂ ਵਿੱਚ ਖ਼ਰਚ ਕੀਤੇ ਹਨ। ਇੱਕ ਪਾਰਕ ਉੱਤੇ 35 ਲੱਖ ਰੁਪਏ ਖ਼ਰਚ ਹੋਏ ਹਨ; ਜਦ ਕਿ ਕਾਮਿਆਂ ਦਾ ਖ਼ਰਚਾ ਮਨਰੇਗਾ ’ਚੋਂ ਅਦਾ ਕੀਤਾ ਗਿਆ ਹੈ। ਹੁਣ ਸਕੂਲਾਂ ਵਿੱਚ ਫ਼ਰਨੀਚਰ ਮੁਹੱਈਆ ਕਰਵਾਇਆ ਜਾਵੇਗਾ।

 

ਜੇ ਇਹ ਆਖ ਲਿਆ ਜਾਵੇ ਕਿ ਹਾਲਾਤ ਵੀ ਕੁਝ ਸੁਨੀਲ ਜਾਖੜ ਹੁਰਾਂ ਦੇ ਨਾਲ ਹਨ ਕਿਉਂਕਿ ਹੁਣ ਕਰਤਾਰਪੁਰ ਸਾਹਿਬ ਲਾਂਘੇ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਡੇਰਾ ਬਾਬਾ ਨਾਨਕ ਕਸਬਾ ਵੀ ਉਨ੍ਹਾਂ ਦੇ ਹੀ ਹਲਕੇ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਸਾਲ 2015 ਦੌਰਾਨ ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਸ੍ਰੀ ਜਾਖੜ ਨੇ ਬਾਦਲਾਂ ਬਾਰੇ ਕਈ ਤਰ੍ਹਾਂ ਦੇ ਇੰਕਸ਼ਾਫ਼ ਕੀਤੇ ਹਨ। ਇੰਝ ਉਨ੍ਹਾਂ ਹਿੰਦੂਆਂ ਤੇ ਸਿੱਖਾਂ ਦੋਵਾਂ ਦੇ ਮਨਾਂ ਤੱਕ ਪੁੱਜਣ ਦਾ ਜਤਨ ਕੀਤਾ ਹੈ। ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਸ੍ਰੀ ਸੁਨੀਲ ਜਾਖੜ ਨੇ ਸੰਸਦ ਦੇ ਅੰਦਰ ਤੇ ਬਾਹਰ ਦੋਵੇਂ ਥਾਵਾਂ ਉੱਤੇ ਬਹੁਤ ਮਜ਼ਬੂਤੀ ਨਾਲ ਉਭਾਰਿਆ ਹੈ।

 

ਸ੍ਰੀ ਸੁਨੀਲ ਜਾਖੜ ਨਾਲ ਉਨ੍ਹਾਂ ਦੇ ਹਲਕੇ ਬਾਰੇ ਬਹੁਤ ਸੰਖੇਪ ਜਿਹੀ ਗੱਲਬਾਤ ਕੀਤੀ ਗਈ; ਤਾਂ ਉਨ੍ਹਾਂ ਜਵਾਬ ਦਿੱਤਾ ਕਿ ਗੁਰਦਾਸਪੁਰ ਹਲਕੇ ਵਿੱਚ ਪਹਿਲਾਂ ਕਿਸੇ ਵੀ ਐੱਮਪੀ ਨੇ ਇੰਨਾ ਸਮਾਂ ਨਹੀਂ ਬਿਤਾਇਆ, ਜਿੰਨਾ ਉਨ੍ਹਾਂ ਨੇ ਬਿਤਾਇਆ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਛੇਤੀ ਤੋਂ ਛੇਤੀ ਬਾਕੀ ਰਹਿੰਦੇ ਪ੍ਰੋਜੈਕਟ ਮੁਕੰਮਲ ਕਰਨਾ ਚਾਹੁੰਦੇ ਹਨ। ਗੁਰਦਾਸਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਦੋਵੇਂ ਬਾਹਾਂ ਫੈਲਾ ਕੇ ਪ੍ਰਵਾਨ ਕੀਤਾ ਹੈ। ਪਨਿਆੜ ਦੀ ਖੰਡ ਮਿਲ ਅਪਗ੍ਰੇਡ ਕੀਤੀ ਜਾ ਰਹੀ ਹੈ। ਫ਼ਰਵਰੀ ਮਹੀਨੇ ਦੇ ਅੰਤ ਤੱਕ ਬਟਾਲਾ ਵਿਖੇ ਬੌਟਲਿੰਗ ਪਲਾਂਟ ਵੀ ਕੰਮ ਸ਼ੁਰੂ ਕਰ ਦੇਵੇਗਾ। ਗੁਰਦਾਸਪੁਰ ਵਿੱਚ ਇੱਕ ਮੈਡੀਕਲ ਕਾਲਜ ਸਥਾਪਤ ਕਰਨ ਲਈ ਜਗ੍ਹਾ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਕਾਦੀਆਂ ਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਮਿਲ ਗਿਆ ਹੈ ਤੇ ਫ਼ਹਿਗੜ੍ਹ ਚੂੜੀਆਂ ਵਿੱਚ ਵੇਸਟ ਡਿਸਪੋਜ਼ਲ ਪਲਾਂਟ ਲੱਗ ਗਿਆ ਹੈ। ਗੁਰਦਾਸਪੁਰ ਤੇ ਪਠਾਨਕੋਟ ’ਚ ਗਲੀਆਂ ਤੇ ਪਾਰਕਾਂ ਲਈ ਫ਼ੰਡ ਮਨਜ਼ੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਹਰੇਕ ਵਿਧਾਨ ਸਭਾ ਹਲਕੇ ਨੂੰ ਕੁਝ ਹਿੱਸਾ ਜ਼ਰੂਰ ਮਿਲੇ।

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਉਹ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਸਬੰਧਤ ਵਿਧਾਇਕਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੇ ਵੀ ਯੋਗ ਰਹੇ। ਗੁਰਦਾਸਪੁਰ ਵਿੱਚ ਬਿਹਤਰ ਬੁਨਿਆਦੀ ਢਾਂਚਾ ਕਾਇਮ ਕੀਤਾ ਜਾ ਰਿਹਾ ਹੈ।

 

ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਲੰਗਰ ਉੱਤੇ ਜੀਐੱਸਟੀ ਲਾਏ ਜਾਣ ਦੇ ਮੁੱਦੇ ’ਤੇ ਉਨ੍ਹਾਂ ਸਮੁੱਚੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਇੱਕਜੁਟ ਕੀਤਾ ਸੀ। ਇੱਕ ਹੋਰ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੂਬਾਈ ਰਾਜਨੀਤੀ ਵਿੱਚ ਘੱਟ ਸਗੋਂ ਕੌਮੀ ਸਿਆਸਤ ਵਿੱਚ ਵਧੇਰੇ ਦਿਲਚਸਪੀ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sunil Jakhar to contest from Gurdaspur Captain