ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ (Sunny Deol) ਨੇ ਸੋਮਵਾਰ ਨੂੰ ਨਾਮਜ਼ਦਗੀ ਭਰੀ। ਆਪਣੇ ਚੋਣ ਹਲਫ਼ਨਾਮੇ ਚ ਸਨੀ ਨੇ ਦਸਿਆ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਕੋਲ 87 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ ਜਦਕਿ ਉਹ 53 ਕਰੋੜ ਰੁਪਏ ਦੇ ਕਰਜ਼ਦਾਰ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਕੋਲ ਆਪਣੀ ਮਤਰੇਈ ਮਾਂ ਹੇਮਾ ਮਾਲਿਨੀ ਮੁਕਾਬਲੇ ਕਾਫੀ ਘੱਟ ਜਾਇਦਾਦ ਹੈ। ਹੇਮਾ ਮਾਲਿਨੀ ਅਤੇ ਧਰਮਿੰਦਰ ਕੋਲ 249 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ।
ਸਨੀ ਦਿਓਲ ਦਾ ਪੂਰਾ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਹੈ। ਹਲਫ਼ਨਾਮੇ ਮੁਤਾਬਕ ਸਨੀ ਦਿਓਲ ਕੋਲ ਲਗਭਗ 60 ਕਰੋੜ ਦੀ ਚੱਲ ਜਾਇਦਾਦ ਹੈ। ਉਨ੍ਹਾਂ ਦੀ ਪਤਨੀ ਕੋਲ ਲਗਭਗ 6 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਸਨੀ ਦਿਓਲ ਨੇ ਦਸਿਆ ਕਿ ਉਨ੍ਹਾਂ ਕੋਲ 26 ਲੱਖ ਰੁਪਏ ਨਕਦ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 16 ਲੱਖ ਰੁਪਏ ਨਕਦ ਹਨ।
ਸਨੀ ਦਿਓਲ ਦੇ ਬੈਂਕ ਖ਼ਾਤੇ ਚ ਲਗਭਗ 9 ਲੱਖ ਰੁਪਏ ਜਮਾਂ ਹਨ ਜਦਕਿ ਉਨ੍ਹਾਂ ਦੀ ਪਤਨੀ ਦੇ ਬੈਂਕ ਖਾਤੇ ਚ ਲਗਭਗ 19 ਲੱਖ ਰੁਪਏ ਜਮਾਂ ਹਨ। ਸਨੀ ਦਿਓਲ ਕੋਲ ਕੁੱਲ 21 ਕਰੋੜ ਰੁਪਏ ਦੀ ਅਚਲ ਜਾਇਦਾਦ ਹੈ। ਸਨੀ ਦਿਓਲ ਦੀ ਪਤਨੀ ਕੋਲ ਕਿਸੇ ਵੀ ਤਰ੍ਹਾਂ ਦੀ ਅਚਲ ਜਾਇਦਾਦ ਨਹੀਂ ਹੈ। ਸਨੀ ’ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।
ਗੁਰਦਾਸਪੁਰ ਦੀ ਰੈਲੀ ਦੌਰਾਨ ਸਨੀ ਨੇ ਕਿਹਾ ਕਿ ਰਾਜਨੀਤੀ ਦਾ ਪਤਾ ਨਹੀਂ ਪਰ ਮੈਂ ਦੇਸ਼ ਭਗਤ ਹਾਂ। ਵਾਅਦੇ ਕਰਨ ਨਹੀਂ, ਲੋਕਾਂ ਨੂੰ ਜੋੜਨ ਆਇਆ ਹਾਂ। ਹੁਣ ਕੋਈ ਨਹੀਂ ਡਰੇਗਾ, ਮੈਂ ਨਾਲ ਹਾਂ, ਮੋਦੀ ਨਾਲ ਹਨ, ਮੈਂ ਕਿਤੇ ਨਹੀਂ ਜਾਵਾਂਗਾ, ਸਭ ਕੁਝ ਕਰਾਂਗਾ।
.