ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਗੁਰਦਾਸਪੁਰ ਕੋਈ ਸਟੇਜ ਨਹੀਂ ਹੈ, ਜਿੱਥੇ ਕਈ ਤਰ੍ਹਾਂ ਦੇ ਕੱਪੜੇ ਤੇ ਦਸਤਾਰਾਂ ਬਦਲ ਕੇ ਗੱਲ ਬਣ ਜਾਵੇਗੀ। ਸਿਆਸਤ ਕੋਈ ਅਦਾਕਾਰੀ ਨਹੀਂ ਹੁੰਦੀ।
‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਜਾਖੜ ਨੇ ਕਿਹਾ ਕਿ ਸੰਨੀ ਦਿਓਲ ਜਦੋਂ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਗਏ ਸਨ, ਤਦ ਉਨ੍ਹਾਂ ਨੇ ਨੀਲੀ ਦਸਤਾਰ ਸਜਾਈ ਹੋਈ ਸੀ ਤੇ ਜਦੋਂ ਉਨ੍ਹਾਂ ਗੁਰਦਾਸਪੁਰ ’ਚ ਨਾਮਜ਼ਦਗੀ ਕਾਗਜ਼ ਭਰੇ, ਤਾਂ ਉਨ੍ਹਾਂ ਕੇਸਰੀ ਪੱਗ ਪਾਈ ਹੋਈ ਸੀ। ਫਿਰ ਰੋਡ–ਸ਼ੋਅ ਦੌਰਾਨ ਉਨ੍ਹਾਂ ਟੋਪੀ ਪਾ ਲਈ। ਸ੍ਰੀ ਜਾਖੜ ਨੇ ਕਿਹਾ ਕਿ ਉਹ ਇੰਝ ਆਪਣੇ ਰੰਗ–ਰੂਪ ਬਦਲਣਾ ਪਸੰਦ ਨਹੀਂ ਕਰਦਾ।
ਸੁਆਲਾਂ ਦੇ ਜਵਾਬ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸੰਨੀ ਦਿਓਲ ਬਹੁਤ ਸੰਗਾਊ ਸੁਭਾਅ ਵਾਲੇ ਹਨ ਤੇ ਇਸੇ ਲਈ ਸਿਆਸਤ ਵਿੱਚ ਫ਼ਿੱਟ ਨਹੀਂ ਬੈਠਦੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਫ਼ਿਲਮੀ ਕਰੀਅਰ ਖ਼ਤਮ ਹੋ ਗਿਆ, ਤਾਂ ਉਹ ਸਿਆਸਤ ’ਚ ਆ ਗਏ।
ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਰਅਸਲ, ਕਰਤਾਰਪੁਰ ਸਾਹਿਬ ਲਾਂਘੇ ਦੀ ਪ੍ਰਗਤੀ ਦੇ ਰਾਹ ਵਿੱਚ ਅੜਿੱਕੇ ਡਾਹੁਣਾ ਚਾਹ ਰਹੀ ਹੈ।
ਇੱਕ ਹੋਰ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਮੁਖੀ ਅਮਿਤ ਸ਼ਾਹ ਜਦੋਂ ਇੱਕ ਜੰਝ–ਘਰ ਵਿੱਚ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ, ਤਦ ਉਹ 4,000 ਤੋਂ ਵੱਧ ਕੁਰਸੀਆਂ ਲਾ ਹੀ ਨਹੀਂ ਸਕੇ ਸਨ। ਸੰਨੀ ਦਿਓਲ ਦੇ ਬੋਲਣ ਤੋਂ ਪਹਿਲਾਂ ਹੀ ਲੋਕ ਉੱਥੋਂ ਜਾਣੇ ਸ਼ੁਰੂ ਹੋ ਗਏ ਸਨ।