ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਕਿਹਾ ਕਿ ਕੜਾਕੇ ਦੀ ਗਰਮੀ ਅਤੇ ਰਮਜ਼ਾਨ ਨੂੰ ਧਿਆਨ ਚ ਰੱਖਦਿਆਂ ਹੋਇਆਂ ਲੋਕ ਸਭਾ ਚੋਣਾਂ ਦੇ ਬਾਕੀ ਗੇੜਾਂ ਦੀ ਵੋਟਿੰਗ ਸ਼ੁਰੂ ਹੋਣ ਦਾ ਸਮਾਂ ਤੜਕੇ 5 ਵਜੇ ਕਰਨ ਬਾਰੇ ਵਿਚਾਰ ਕੀਤਾ ਜਾਵੇ।
ਅਪੀਲ ਦਾਇਰ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਇਸ ਸਬੰਧੀ ਚੋਣ ਕਮਿਸ਼ਨ ਨੂੰ ਸੋਮਵਾਰ ਨੂੰ ਮੰਗ-ਪੱਤਰ ਸੌਂਪਿਆ ਗਿਆ ਸੀ ਪਰ ਉਸ ਨੇ ਹਾਲੇ ਤਕ ਕੋਈ ਜਵਾਬ ਨਹੀਂ ਦਿੱਤਾ ਹੈ। ਅਪੀਲਕਰਤਾਵਾਂ ਨੇ ਕਿਹਾ ਕਿ ਦੇਸ਼ ਚ ਕਈ ਥਾਵਾਂ ਤੇ ਕੜਾਕੇ ਦੀ ਗਰਮੀ ਅਤੇ ਇਸੇ ਦੌਰਾਨ ਰਮਜ਼ਾਨ ਦੇ ਤਿਓਹਾਰ ਦੇ ਮੱਦਨਜ਼ਰ ਲੋਕ ਸਭਾ ਚੋਣਾਂ ਦੇ 5ਵੇਂ, 6ਵੇਂ ਅਤੇ 7ਵੇਂ ਗੇੜ ਲਈ 6 ਮਈ, 12 ਮਈ ਅਤੇ 19 ਮਈ ਨੂੰ ਹੋਣ ਵਾਲੀਆਂ ਵੋਟਾਂ ਦਾ ਸਮਾਂ ਤੜਕੇ 4 ਜਾਂ 5 ਵਜੇ ਕਰਨ ਦਾ ਹੁਕਮ ਚੋਣ ਕਮਿਸ਼ਨ ਨੂੰ ਦਿੱਤਾ ਜਾਵੇ।
ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਸਾਹਮਣੇ ਬੁਲਾਰੇ ਮੁਹੰਮਦ ਨਿਜ਼ਾਮੁਦੀਨ ਪਾਸ਼ਾ ਅਤੇ ਅਸਦ ਹਯਾਤ ਦੀ ਅਪੀਲਾਂ ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਗਈ ਸੀ।
.