ਕੇਰਲ ਦੀ ਵਾਇਨਾਡ ਸੀਟ ਤੋਂ ਐਨਡੀਏ ਨੇ ਵੀ ਆਪਣਾ ਉਮੀਦਵਾਰ ਤੈਅ ਕਰ ਦਿੱਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਟਵੀਟ ਕਰਕੇ ਦਸਿਆ ਕਿ ਭਾਰਤ ਧਰਮ ਜਨ ਸੈਨਾ ਦੇ ਪ੍ਰਧਾਨ ਤੁਸ਼ਾਰ ਵੇਲਾਪੱਲੀ ਵਾਇਨਾਡ ਸੀਟ ਤੋਂ ਐਨਡੀਏ ਉਮੀਦਵਾਰ ਹੋਣਗੇ। ਦੱਸ ਦੇਈਏ ਕਿ ਵਾਇਨਾਡ ਸੀਟ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਮੀਦਵਾਰ ਹਨ।
ਵੇਲਾਪੱਲੀ ਨਾਤੇਸਨ ਨੇ ਸਾਲ 2015 ਚ ਕੇਰਲ ਚ ਭਾਰਤ ਧਰਮ ਜਨ ਸੈਨਾ ਦਾ ਗਠਨ ਕੀਤਾ ਸੀ ਜਿਸਦੇ ਪ੍ਰਧਾਨ ਹੁਣ ਉਨ੍ਹਾਂ ਦੇ ਪੁੱਤਰ ਤੁਸ਼ਾਰ ਵੇਲਾਪੱਲੀ ਹਨ। ਇਹ ਕੇਰਲ ਚ ਐਨਡੀਏ ਦੀ ਇਕ ਭਾਈਵਾਲ ਪਾਰਟੀ ਹੈ। ਭਾਜਪਾ ਦੀ ਰਣਨੀਤੀ ਰਾਹੁਲ ਖਿਲਾਫ਼ ਮਜ਼ਬੂਤ ਉਮੀਦਵਾਰ ਮੈਦਾਨ ਚ ਉਤਾਰ ਕੇ ਬਾਜ਼ੀ ਪਲਟਣ ਦੀ ਹੈ।
ਕਾਂਗਰਸ ਨੇ ਲਗਾਈ ਰਾਹੁਲ ਦੇ ਨਾਂ ਤੇ ਮੋਹਰ
ਐਤਵਾਰ ਨੂੰ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜਨਗੇ।
ਦੱਸਣਯੋਗ ਹੈ ਕਿ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਨਾਂ ਦੇ ਐਲਾਨ ਮਗਰੋਂ ਖੱਬੇ ਪੱਖੀ ਪਾਰਟੀਆਂ ਚ ਸਰਗਰਮੀਆਂ ਵੱਧ ਗਈਆਂ ਹਨ। ਖੱਬੇ ਪੱਖੀ ਪਾਰਟੀਆਂ ਨੇ ਇਸ ਨੂੰ ਭਾਜਪਾ ਖਿਲਾ਼ਫ ਲੜਾਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦੱਸਦਿਆਂ ਰਾਹੁਲ ਗਾਂਧੀ ਨੂੰ ਹਰਾਉਣ ਦਾ ਦਾਅਵਾ ਕੀਤਾ ਹੈ।
.