ਚੋਣ ਕਮਿਸ਼ਨ ਦੇ ਇਕ ਅਫ਼ਸਰ ਨੇ ਐਤਵਾਰ ਨੂੰ ਕਿਹਾ ਕਿ ਨਿਜੀ ਖੇਤਰ ਚ ਕੰਮ ਕਰ ਰਹੇ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਤਨਖਾਹ ਵਾਲੀ ਛੁੱਟੀ (ਪੇਡ ਲੀਵ) ਮਿਲਣੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦਾ ਮੂਲ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਆਪਣੀ ਮਤਅਧਿਕਾਰ ਦੀ ਵਰਤੋਂ ਕਰਨ ਚ ਕੋਈ ਪਾਬੰਦੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਮਹਾਰਾਸ਼ਟਰ ਚ ਮੁੰਬਈ ਦੇ 6 ਲੋਕ ਸਭਾ ਖੇਤਰਾਂ ਸਮੇਤ 17 ਸੀਟਾਂ ਤੇ ਸੋਮਵਾਰ ਨੂੰ ਵੋਟਾਂ ਪੈਣੀਆਂ ਹਨ।
ਚੋਣ ਅਫ਼ਸਰ ਨੇ ਕਿਹਾ, ਵੋਟ ਪਾਉਣਾ ਮੂਲ ਅਧਿਕਾਰ ਹੈ ਤੇ ਵੋਟਰਾਂ ਨੂੰ ਕਿਸੇ ਪਾਬੰਦੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਹਰੇਕ ਜ਼ਿਲ੍ਹੇ ਚ ਜਿੱਥੇ ਵੋਟਿੰਗ ਹੋ ਰਹੀ ਹੈ ਉੱਥੇ ਕੀਰਤੀ ਮੰਤਰਾਲਾ ਨੇ ਪਹਿਲਾਂ ਹੀ ਕੁਝ ਵੱਡੀ ਨਿਜੀ ਕੰਪਨੀਆਂ ਲਈ ਲੋੜੀਂਦੀ ਆਗਿਆ ਜਾਰੀ ਕਰ ਰੱਖੀ ਹੈ ਕਿ ਉਹ ਆਪਣਾ ਕੰਮ ਜਾਰੀ ਰੱਖ ਸਕਦੇ ਹਨ ਪਰ ਇਸ ਸ਼ਰਤ ਦੇ ਨਾਲ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਵੋਟ ਪਾਉਣ ਦੀ ਆਗਿਆ ਦੇਣਗੇ।
ਅਫ਼ਸਰ ਨੇ ਚੇਤਾਇਆ, ਜੇਕਰ ਸਾਨੂੰ ਕਿਸੇ ਵੋਟਰ ਤੋਂ ਸ਼ਿਕਾਇਤ ਮਿਲਦੀ ਹੈ ਕਿ ਕੋਈ ਕੰਪਨੀ ਉਸ ਨੂੰ ਵੋਟ ਪਾਉਣ ਨਹੀਂ ਦੇ ਰਹੀ ਤਾਂ ਉਸ ਕੰਪਨੀ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨਿਜੀ ਕੰਪਨੀਆਂ, ਦੁਕਾਨਾਂ ਅਤੇ ਸੇਵਾਵਾਂ ਦੇਣ ਵਾਲਿਆਂ ਨੂੰ ਕੁਝ ਘੰਟਿਆਂ ਦੀ ਛੋਟ ਦਿੰਦਾ ਸੀ ਤਾਂ ਕਿ ਉਨ੍ਹਾਂ ਦੇ ਮੁਲਾਜ਼ਮ ਵੋਟ ਪਾ ਸਕਣ। ਜਦੋਂ ਤੱਕ ਕੀਰਤੀ ਵਿਭਾਗ ਤੋਂ ਪਹਿਲਾਂ ਹੀ ਆਗਿਆ ਨਹੀਂ ਮਿਲ ਜਾਂਦੀ ਉਦੋਂ ਤਕ ਨਿਜੀ ਕੰਪਨੀਆਂ, ਦੁਕਾਨ ਜਾਂ ਸੇਵਾਵਾਂ ਦੇਣ ਵਾਲਿਆਂ ਨੂੰ ਬੰਦ ਰਹਿਣਾ ਹੋਵੇਗਾ ਅਤੇ ਉਨ੍ਹਾਂ ਨੂੰ ਵੋਟਿੰਗ ਵਾਲੇ ਦਿਨ ਤਨਖਾਹੀ ਛੁੱਟੀ ਦੇਣੀ ਹੋਵੇਗੀ।
.