ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖ਼ਰੀ ਗੇੜ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ ਇਲਾਵਾ ਸੱਤ ਹੋਰ ਰਾਜਾਂ ਦੀਆਂ 59 ਸੀਟਾਂ ਉੱਤੇ ਭਲਕੇ ਐਤਵਾਰ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ। 7ਵੇਂ ਗੇੜ ਵਿੱਚ ਸੱਤ ਕੇਂਦਰੀ ਮੰਤਰੀਆਂ ਦਾ ਇਮਤਿਹਾਨ ਹੋਣਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਦੀ ਸੀਟ ਵਾਰਾਨਸੀ ਉੱਤੇ ਵੀ ਭਲਕੇ ਐਤਵਾਰ ਨੂੰ ਹੀ ਪੋਲਿੰਗ ਹੋਣੀ ਹੈ।
ਜਿਹੜੇ ਕੇਂਦਰੀ ਮੰਤਰੀਆਂ ਦਾ ਵੱਕਾਰ ਇਸ ਗੇੜ ਦੌਰਾਨ ਦਾਅ ’ਤੇ ਲੱਗਾ ਹੋਇਆ ਹੈ, ਉਨ੍ਹਾਂ ਵਿੱਚ ਰਵੀਸ਼ੰਕਰ ਪ੍ਰਸਾਦ, ਮਨੋਜ ਸਿਨਹਾ, ਹਰਦੀਪ ਪੁਰੀ, ਅਸ਼ਵਨੀ ਚੌਬੇ,, ਹਰਸਿਮਰਤ ਕੌਰ ਬਾਦਲ ਤੇ ਅਨੁਪ੍ਰਿਆ ਪਟੇਲ ਸ਼ਾਮਲ ਹਨ।
ਉੱਤਰ ਪ੍ਰਦੇਸ਼ ਦੀਆਂ 13 ਸੀਟਾਂ ਉੱਤੇ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਆਗੂਆਂ ਦਾ ਸਿਆਸੀ ਭਵਿੱਖ ਤੈਅ ਹੋਵੇਗਾ। ਯੂਪੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਮੁਤਾਬਕ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਵਾਲੇ ਹਲਕੇ ਵਾਰਾਨਸੀ ਸਮੇਤ ਸੂਬੇ ਦੀਆਂ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਐਤਵਾਰ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮੀਂ 6 ਵਜੇ ਤੱਕ ਚੱਲੇਗੀ।
ਇਸ ਗੇੜ ਦੌਰਾਨ ਵਾਰਾਨਸੀ ਤੋਂ ਇਲਾਵਾ ਕੁਸ਼ੀਨਗਰ, ਮਹਾਰਾਜਗੰਜ, ਗੋਰਖਪੁਰ, ਬਾਂਸਗਾਓਂ, ਘੋਸੀ, ਦੇਵਰੀਆ, ਬਲੀਆ, ਗਾਜ਼ੀਪੁਰ, ਚੰਦੌਲੀ, ਮਿਰਜ਼ਾਪੁਰ, ਰਾਬਰਟਸਗੰਜ, ਸਲੇਮਪੁਰ ਸੀਟਾਂ ਲਈ ਵੋਟਾਂ ਪੈਣੀਆਂ ਹਨ। ਇਸ ਗੇੜ ਵਿੱਚ ਇਨ੍ਹਾਂ ਸੀਟਾਂ ਲਈ 167 ਉਮੀਦਵਾਰ ਮੈਦਾਨ ’ਚ ਹਨ। ਇਸ ਗੇੜ ਵਿੱਚ ਉੱਤਰ ਪ੍ਰਦੇਸ਼ ਦੇ 2 ਕਰੋੜ 32 ਲੱਖ ਤੋਂ ਵੱਧ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ। ਪੋਲਿੰਗ ਲਈ 13,979 ਪੋਲਿੰਗ ਸਟੇਸ਼ਨ ਤੇ 25,874 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਸੱਤਵੇਂ ਗੇੜ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਮਨੋਜ ਸਿਨਹਾ (ਗਾਜ਼ੀਪੁਰ), ਅਨੁਪ੍ਰਿਆ ਪਟੇਲ (ਮਿਰਜ਼ਾਪੁਰ), ਭਾਜਪਾ ਦੇ ਸੂਬਾ ਪ੍ਰਧਾਨ ਮਹੇਂਦਰ ਨਾਥ ਪਾਂਡੇ (ਚੰਦੌਲੀ), ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਆਰਪੀਐੱਨ ਸਿੰਘ (ਕੁਸ਼ੀਨਗਰ) ਜਿਹੀਆਂ ਸਿਆਸੀ ਹਸਤੀਆਂ ਦਾ ਸਿਆਸੀ ਭਵਿੱਖ ਤੈਅ ਹੋਵੇਗਾ।