ਲੋਕ ਸਭਾ ਚੋਣਾਂ ਦੇ 6ਵੇਂ ਗੇੜ ਵਿੱਚ 7 ਸੂਬਿਆਂ ਦੀਆਂ 59 ਸੀਟਾਂ ਉੱਤੇ ਐਤਵਾਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਤ੍ਰਿਪੁਰਾ ’ਚ ਰੱਦ ਹੋ ਚੁੱਕੇ 168 ਬੂਥਾਂ ਉੱਤੇ ਮੁੜ ਵੋਟਿੰਗ ਕਰਵਾਈ ਜਾਵੇਗੀ। ਜਿਹੜੀਆਂ 59 ਸੀਟਾਂ ਉੱਤੇ ਵੋਟਾਂ ਪੈਣ ਜਾ ਰਹੀਆਂ ਹਨ, ਉਨ੍ਹਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 2014 ਦੀਆਂ ਆਮ ਚੋਣਾਂ ਦੌਰਾਨ 44 ਸੀਟਾਂ ਜਿੱਤੀਆਂ ਸਨ; ਜਦ ਕਿ ਐੱਨਡੀਏ ਨੇ 46 ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ।
6ਵੇਂ ਗੇੜ ਦੌਰਾਨ ਕੁੱਲ ਵੋਟਰ 10 ਕਰੋੜ 18 ਲੱਖ ਹਨ; ਜਿਨ੍ਹਾਂ ਵਿੱਚੋਂ ਮਰਦ ਵੋਟਰ 5.43 ਕਰੋੜ ਤੇ ਔਰਤ ਵੋਟਰ 4.75 ਕਰੋੜ ਹਨ। ਇਨ੍ਹਾਂ ਹਲਕਿਆ ਵਿੱਚ ਕੁੱਲ 1,13,167 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਇਸ ਗੇੜ ਦੌਰਾਨ ਭਾਜਪਾ ਦੇ 54, ਬਸਪਾ ਦੇ 49, ਕਾਂਗਰਸ ਦੇ 46, ਸ਼ਿਵ ਸੈਨਾ ਦੇ 16, ਆਮ ਆਦਮੀ ਪਾਰਟੀ ਦੇ 12, ਤ੍ਰਿਣਮੂਲ ਕਾਂਗਰਸ ਦੇ 10, ਇੰਡੀਅਨ ਨੈਸ਼ਨਲ ਲੋਕ ਦਲ ਦੇ 10, ਸੀਪੀਆਈ ਦੇ 7, ਸੀਪੀਐੱਮ ਦੇ 6 ਤੇ 769 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਇਨ੍ਹਾਂ ਵਿੱਚੋਂ ਹਰਿਆਣਾ ਤੇ ਦਿੱਲੀ ਸੂਬਿਆਂ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਹਰਿਆਣਾ ’ਚ 10 ਸੀਟਾਂ ਉੱਤੇ ਵੋਟਾਂ ਪੈਣੀਆਂ ਹਨ; ਜਿੱਥੇ 1.80 ਕਰੋੜ ਤੋਂ ਵੱਧ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ। ਇੱਥੇ ਕੁੱਲ 223 ਉਮੀਦਵਾਰ ਚੋਣ ਮੈਦਾਨ ’ਚ ਹਨ ਤੇ ਇੱਥੇ ਕੁੱਲ ਪੋਲਿੰਗ ਸਟੇਸ਼ਨ 19,441 ਹੋਣਗੇ।
ਦਿੱਲੀ ’ਚ ਕੁੱਲ 7 ਸੀਟਾਂ ਉੱਤੇ ਵੋਟਾਂ ਪੈਣੀਆਂ ਹਨ ਤੇ ਇੱਕ ਕਰੋੜ 43 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ। ਇੱਥੇ ਕੁੱਲ 164 ਉਮੀਦਵਾਰ ਮੈਦਾਨ ਵਿੱਚ ਹਨ। ਇੱਥੇ ਕੁੱਲ ਪੋਲਿੰਗ ਸਟੇਸ਼ਨ 13,819 ਹੋਣਗੇ।