ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਪਾਰਟੀ ਦਾ ਪ੍ਰਚਾਰ ਅਤੇ ਸਰਕਾਰ ਦੇ ਕੀਤੇ ਕੰਮਾਂ ਨੂੰ ਲੋਕਾਂ ਚ ਪਹੁੰਚਾਉਣ ਚ ਰੁੱਝੇ ਹੋਏ ਹਨ। ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿਖੇ ਇਕ ਪ੍ਰਚਾਰ ਰੈਲੀ ਦੌਰਾਨ ਵਿਰੋਧੀਆਂ ਵਲੋਂ ਕੀਤੀ ਜਾ ਰਹੀ ਸਿਆਸਤ ’ਤੇ ਰੱਜ ਕੇ ਵਰੇ ਜਦਕਿ ਪਿਛਲੀਆਂ ਸਰਕਾਰਾਂ ਤੇ ਨਿਸ਼ਾਨੇ ਲਗਾਉਂਦਿਆਂ ਕਈ ਅਹਿਮ ਸਵਾਲ ਵੀ ਚੁੱਕੇ।
ਰਾਜਨਾਥ ਸਿੰਘ ਨੇ ਕਿਹਾ ਕਿ ਪੀਐਮ ਨਰਿੰਦਰ ਮੋਦੀ ਨੂੰ ਬੇਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਤੰਤਰ ਚ ਪੀਐਮ, ਰਾਸ਼ਟਰਪਤੀ ਕੋਈ ਵਿਅਕਤੀ ਨਹੀਂ ਬਲਕਿ ਇਕ ਸੰਸਥਾ ਹੁੰਦੀ ਹੈ। ਇਨ੍ਹਾਂ ਦੀ ਪੱਧਰ ਨੂੰ ਡਿਗਾਉਣ ਦੀ ਕੋਸ਼ਿਸ਼ ਚ ਵਿਰੋਧੀ ਧੜੇ ਲਗੇ ਹਨ। ਇਨ੍ਹਾਂ ਚੋਣਾਂ ਚ ਇਸਦਾ ਬਦਲਾ ਲਿਆ ਜਾਣਾ ਚਾਹੀਦਾ ਹੈ।
ਰਾਜਨਾਥ ਨੇ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਚੌਕੀਕਾਰ ਚੋਰ ਹੈ। ਮੋਦੀ ਨੇ 15 ਸਾਲ ਮੁੱਖ ਮੰਤਰੀ ਵਜੋਂ ਕੰਮ ਕੀਤਾ। ਇਹ ਚੌਕੀਦਾਰ ਪਿਓਰ ਹੈ, ਇਸਦਾ ਦੁਬਾਰਾ ਪੀਐਮ ਬਣਨਾ ਸ਼ਿਓਰ ਹੈ, ਦੇਸ਼ ਦੀ ਸਮੱਸਿਆਵਾਂ ਦਾ ਕਿਓਰ ਹੈ, ਮੋਦੀ ਵਨਸ ਮੋਰ ਹੈ।
ਰਾਜਨਾਥ ਸਿੰਘ ਨੇ ਵਿਰੋਧੀਆਂ ਵਲੋਂ ਕੀਤੀ ਜਾ ਰਹੀ ਮਾੜੀ ਸਿਆਸਤ ਤੇ ਸਵਾਲ ਚੁੱਕਦਿਆਂ ਕਿਹਾ ਕਿ ਅਸੀਂ ਸਿਆਸਤ ਚ ਕਦੇ ਸੋਚਿਆ ਨਹੀਂ ਸੀ ਕਿ ਕਿਸੇ ਸਿਆਸੀ ਪਾਰਟੀ ਦਾ ਪ੍ਰਧਾਨ ਕਦੇ ਪੀਐਮ ਵਰਗੇ ਅਹੁਦੇ ਤੇ ਅਜਿਹੇ ਗੰਦੇ ਦੋਸ਼ ਲਗਾਵੇਗਾ। ਪੰਡਿਤ ਨਹਿਰੂ ਨੇ 1951 ਚ ਕਿਹਾ ਸੀ ਕਿ ਭਾਰਤ ਤੋਂ ਗ਼ਰੀਬੀ ਹਟਾ ਕੇ ਅਮੀਰ ਭਾਰਤ ਬਣਾਉਣਾ ਹੈ। ਇੰਦਰਾ ਨੇ ਕਿਹਾ, ਮੈਂ ਗ਼ਰੀਬੀ ਹਟਾਉਣਾ ਚਾਹੁੰਦੀ ਹਾਂ, ਵਿਰੋਧੀ ਮੈਨੂੰ ਹਟਾਉਣਾ ਚਾਹੁੰਦੇ ਹਨ ਤੇ ਉਹ ਜਿੱਤ ਗਈ। ਬਾਅਦ ਚ ਰਾਜੀਵ ਗਾਂਧੀ ਅਤੇ ਹੁਣ ਰਾਹੁਲ ਗਾਂਧੀ ਗ਼ਰੀਬੀ ਹਟਾਉਣ ਦੀ ਗੱਲ ਕਰ ਰਹੇ ਹਨ। ਭਾਰਤ ਨੂੰ ਕਾਂਗਰਸ ਮੁਕਤ ਕਰ ਦਿਓ, ਗ਼ਰੀਬੀ ਆਪਣੇ ਆਪ ਹੱਟ ਜਾਉਗੀ।
ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੂੰ ਜਿਨ੍ਹਾਂ ਲੋਕਾਂ ਨੇ ਲੁੱਟਿਆ ਹੈ, ਉਨ੍ਹਾਂ ਨੂੰ ਘਸੀਟ ਕੇ ਦੇਸ਼ ਵਾਪਸ ਲਿਆਵਾਂਗੇ। ਸਾਨੂੰ ਕੋਈ ਵੋਟ ਦੇਵੇ ਜਾਂ ਨਾ, ਅਸੀਂ ਹਿੰਦੂ ਜਾਂ ਮੁਸਲਮਾਨ ਦੇ ਨਾਂ ਤੇ ਵੋਟ ਨਹੀਂ ਮੰਗਾਂਗੇ। ਸਾਡਾ ਮੰਤਰ ਸਭਕਾ ਸਾਥ, ਸਭਕਾ ਵਿਕਾਸ ਹੈ। ਹੁਣ ਤਕ ਦੇਸ਼ ਚ ਐਸਸੀ/ਐਸਟੀ, ਓਬੀਸੀ ਨੂੰ ਰਾਖਵਾਂਕਰਨ ਸੀ। ਹੁਣ ਸਵਰਣ ਵਰਗ ਨੂੰ 10 ਫ਼ੀਸਦ ਰਾਖਵਾਂਕਰਨ ਹੈ। ਸਾਨੂੰ ਫ਼ਿਰਕੂਵਾਦ ਪਾਰਟੀ ਦੱਸ ਕੇ ਵੋਟ ਲੈ ਰਹੇ ਹਨ। ਅਸੀਂ ਸਭ ਦੀ ਗੱਲ ਕਰੀਏ ਤਾਂ ਫ਼ਿਰਕੂਵਾਦ, ਉਹ ਮੁਸਲਮਾਨ, ਇਸਾਈ ਅਤੇ ਘੱਟ ਗਿਣਤੀ ਦੇ ਨਾਂ ਤੇ ਵੋਟਾਂ ਮੰਗਣ ਤਾਂ ਧਰਮਨਿਰਪੱਖ ਹਨ।
ਰਾਜਨਾਥ ਨੇ ਅੱਗੇ ਕਿਹਾ ਕਿ ਇਸਲਾਮਿਕ ਕੋ–ਆਪ੍ਰੇਸ਼ਨ ਨੇ ਪਾਕਿ ਨੂੰ ਕਿਨਾਰੇ ਕਰਕੇ ਸਾਡੀ ਵਿਦੇਸ਼ ਮੰਤਰੀ ਨੂੰ ਸਦਿਆ। ਪਾਕਿ ਦੇ ਮਾੜੇ ਦਿਨ ਆ ਗਏ ਹਨ। ਪੁਲਵਾਮਾ ਚ 42 ਜਵਾਨ ਸ਼ਹੀਦ ਹੋਏ। ਅਸੀਂ ਆਪਣੀ ਧਰਤੀ ਤੋਂ ਨਹੀਂ ਉਨ੍ਹਾਂ ਦੀ ਧਰਤੀ ਤੇ ਜਾ ਕੇ ਜਵਾਬ ਦਿੱਤਾ। ਪਾਕਿ ਚ ਹਮਲੇ ਸਮੇਂ ਵੀ ਅਸੀਂ ਗੁਆਂਢੀ ਧਰਮ ਨਿਭਾਇਆ। ਕਿਸੇ ਨਾਗਰਿਕ ਅਤੇ ਫ਼ੌਜੀ ਤੇ ਹਮਲਾ ਨਹੀਂ ਕੀਤਾ, ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਇਸੇ ਕਾਰਨ ਅਮਰੀਕਾ ਤਕ ਨੇ ਸਾਡੀ ਹਮਾਇਤ ਕੀਤੀ।
.