ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ ਵੋਟਾਂ ਭਲਕੇ 12 ਮਈ ਨੂੰ ਦੇਸ਼ ਦੇ 7 ਸੁਬਿਆਂ ਦੀਆਂ 59 ਸੀਟਾਂ ਉੱਤੇ ਪੈਣੀਆਂ ਹਨ। ਇਸ ਗੇੜ ਵਿੱਚ 979 ਉਮੀਦਵਾਰ ਮੈਦਾਨ ਵਿੱਚ ਹਨ; ਜਿਨ੍ਹਾਂ ਵਿੱਚੋਂ ਕਈ ਉਮੀਦਵਾਰ ਜਿੱਥੇ ਕਰੋੜਪਤੀ ਹਨ, ਉੱਥੇ ਕਈ ਉਮੀਦਵਾਰਾਂ ਦੀ ਜਾਇਦਾਦ ਨਾਮਾਤਰ ਹੈ।
ਚੋਣਾਂ ਸਬੰਧੀ ਅੰਕੜਿਆਂ ਦਾ ਅਧਿਐਨ ਕਰਨ ਵਾਲੇ ਸੰਗਠਨ ਐਸੋਸੀਏਸ਼ਨ ਫ਼ਾਰ ਡੈਮੋਕ੍ਰੈਟਿਕ ਰਿਫ਼ਾਰਮਜ਼ (ADR) ਨੇ ਇਸ ਗੇੜ ਦੇ 967 ਉਮੀਦਵਾਰਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ADR ਮੁਤਾਬਕ ਇਸ ਗੇੜ ਵਿੱਚ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਅਮੀਰ ਜਿਓਤਿਰਾਦਿੱਤਿਆ ਸਿੰਧੀਆ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸਿੰਧੀਆ ਦੀ ਜਾਇਦਾਦ 374.56 ਕਰੋੜ ਰੁਪਹੇ ਦੀ ਹੈ।
ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਉੱਤੇ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ ਹਨ। ਭਾਜਪਾ ਦੀ ਟਿਕਟ ਉੱਤੇ ਕਿਸਮਤ ਅਜ਼ਮਾ ਰਹੇ ਗੰਭੀਰ ਕੋਲ 147.16 ਕਰੋੜ ਰੁਪਏ ਦੀ ਜਾਇਦਾਦ ਹੈ। ਭਾਜਪਾ ਦੇ ਮੇਨਕਾ ਗਾਂਧੀ ਕੋਲ 55.69 ਕਰੋੜ ਰੁਪਏ ਦੀ ਜਾਇਦਾਦ ਹੈ ਤੇ ਉਹ 7ਵੇਂ ਨੰਬਰ ਉੱਤੇ ਹਨ।
ਸਭ ਤੋਂ ਘੱਟ ਜਾਇਦਾਦ ਦੇ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਐੱਸਯੂਸੀਆਈ (ਸੀ) ਦੇ ਰੰਗਲਾਲ ਕੁਮਾਰ ਦਾ ਨਾਂਅ ਆਉਂਦਾ ਹੈ। ADR ਮੁਤਾਬਕ ਉਨ੍ਹਾਂ ਕੋਲ ਕੁੱਲ 500 ਰੁਪਏ ਦੀ ਸੰਪਤੀ ਹੈ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਉੱਤੇ ਸੀਪੀਆਈ (ਐੱਮਐੱਲ) ਰੈੱਡ–ਸਟਾਰ ਦੇ ਸੁਕਚੰਦ ਸਰੀਨ ਹਨ। ਉਨ੍ਹਾਂ ਕੋਲ ਕੁੱਲ 800 ਰੁਪਏ ਦੀ ਜਾਇਦਾਦ ਹੈ।