ਕੈਨੇਡੀਅਨ ਸੂਬੇ ਅਲਬਰਟਾ `ਚ ਸਿੱਖਾਂ ਦੀ ਦੇਣ ਤੇ ਭੂਮਿਕਾ ਬਾਰੇ ਹੁਣ ਕੈਲਗਰੀ ਦਾ ਇੱਕ ਪ੍ਰੋਫ਼ੈਸਰ ਕਿਤਾਬ ਲਿਖ ਰਿਹਾ ਹੈ। ਮਾਊਂਟ ਰਾਇਲ ਯੂਨੀਵਰਸਿਟੀ, ਹਾੱਅਲੇ ਦੇ ਐਸੋਸੀਏਟ ਪ੍ਰੋਫ਼ੈਸਰ ਮਾਈਕਲ ਹਾੱਅਲੇ ਨੇ ਦੱਸਿਆ ਕਿ ਉਹ ਹੁਣ 1900 ਤੋਂ ਵੀ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਤੇ ਦਸਤਾਵੇਜ਼ ਇਕੱਠੇ ਕਰ ਰਹੇ ਹਨ।
ਪ੍ਰੋ. ਮਾਈਕਲ ਨੇ ਕਿਹਾ ਕਿ ਇਹ ਅਲਬਰਟਾ ਦਾ ਸਿੱਖ ਇਤਿਹਾਸ ਹੋਵੇਗਾ ਤੇ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ। ਉਹ ਪਿਛਲੇ 15 ਵਰ੍ਹਿਆਂ ਤੋਂ ਸਿੱਖ ਇਤਿਹਾਸ `ਤੇ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਸਿੱਖਾਂ ਦੀ ਦੇਣ ਨੂੰ ਕਦੇ ਵੀ ਦਸਤਾਵੇਜ਼ੀ ਸ਼ਕਲ ਨਹੀਂ ਦਿੱਤੀ ਗਈ।
‘ਸੀਬੀਸੀ` ਵੱਲੋਂ ਪ੍ਰਕਾਸਿ਼ਤ ਡੈਨ ਮੈਕਗਾਰਵੇ ਦੀ ਰਿਪੋਰਟ ਮੁਤਾਬਕ ਪ੍ਰੋ. ਮਾਈਕਲ ਨੇ ਸਮੁੰਦਰੀ ਤੇ ਹਵਾਈ ਜਹਾਜ਼ਾਂ ਰਾਹੀਂ ਆਉਣ ਵਾਲੇ ਸਿੱਖ ਯਾਤਰੀਆਂ ਦੀ ਸੂਚੀ, ਮਰਦਮਸ਼ੁਮਾਰੀ ਬਾਰੇ ਜਾਣਕਾਰੀ, ਵੋਟਰ ਸੂਚੀਆਂ, ਡਾਇਰੈਕਟਰੀਆਂ, ਜਨਮ-ਰਜਿਸਟ੍ਰੇਸ਼ਨਾਂ, ਵਿਆਹ ਤੇ ਮੌਤ ਦੇ ਪ੍ਰਮਾਣ-ਪੱਤਰਾਂ ਤੇ ਹੋਰ ਦਸਤਾਵੇਜ਼ਾਂ ਨੂੰ ਇਕੱਠਿਆਂ ਕੀਤਾ ਹੈ।
ਉਹ ਦੱਸਦੇ ਹਨ ਕਿ 1903 `ਚ ਕ੍ਰਾਊਨੈਸਟ ਪਾਸ `ਚ ਕਈ ਸਿੱਖਾਂ ਦੇ ਆਉਣ ਦੇ ਸਬੂਤ ਮੌਜੂਦ ਹਨ। ਫਿਰ ਕੁਝ ਲੋਕ 1908 `ਚ ਕੈਲਗਰੀ ਆਏ ਸਨ। ਖੋਜ ਦੌਰਾਨ ਪ੍ਰੋ. ਮਾਈਕਲ ਨੂੰ 1903 `ਚ ਖਿੱਚੀ ਫ਼ਰੈਂਕ ਰੇਲਵੇ ਸਟੇਸ਼ਨ ਦੀ ਇੱਕ ਤਸਵੀਰ ਮਿਲੀ ਹੈ, ਜਿਸ ਵਿੱਚ ਬਹੁਤ ਸਾਰੇ ਦਸਤਾਰਧਾਰੀ ਸਿੱਖ ਆਪਣੀਆਂ ਰਵਾਇਤੀ ਪੁਸ਼ਾਕਾਂ `ਚ ਵਿਖਾਈ ਦੇ ਰਹੇ ਹਨ। ਇਹ ਤਸਵੀਰ 29 ਅਪ੍ਰੈਲ, 1903 ਨੂੰ ਫ਼ਰੈਂਕ ਸ਼ਹਿਰ `ਚ ਪਹਾੜੀ ਢਿੱਗਾਂ ਡਿੱਗਣ ਦੀ ਵੱਡੀ ਘਟਨਾ ਵਾਪਰਨ ਦੇ ਤੁਰੰਤ ਬਾਅਦ ਦੀ ਜਾਪਦੀ ਹੈ। ਉਸ ਘਟਨਾ `ਚ 80 ਤੋਂ 90 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਉਹ ਹਾਲੇ ਤੱਕ ਵੀ ਕੈਨੇਡਾ `ਚ ਢਿੱਗਾਂ ਡਿੱਗਣ ਦੀ ਸਭ ਤੋਂ ਵੱਡੀ ਘਟਨਾ ਹੈ।

ਵੈਨਕੂਵਰ ਦੀ ਬੰਦਰਗਾਹ ਦਾ ਇੱਕ ‘ਇਮੀਗ੍ਰੇਸ਼ਨ ਸ਼ਨਾਖ਼ਤੀ ਕਾਰਡ` ਵੀ ਪ੍ਰੋ. ਮਾਈਕਲ ਨੂੰ ਮਿਲਿਆ ਹੈ; ਜਿਸ ਉੱਤੇ 28 ਮਈ, 1882 ਦੀ ਤਾਰੀਖ਼ ਪਈ ਹੋਈ ਹੈ ਤੇ ਯਾਤਰੀ ਦਾ ਨਾਂਅ ਹਰਚੇਤ ਸਿੰਘ ਲਿਖਿਆ ਹੋਇਆ ਹੈ। ਅਜਿਹੇ ਸਬੂਤ ਹਾਲੇ 15 ਸਾਲਾਂ ਪਿੱਛੋਂ ਵੀ ਉਹ ਲਗਾਤਾਰ ਇਕੱਠੇ ਕਰੀ ਜਾ ਰਹੇ ਹਨ।
ਪ੍ਰੋ. ਮਾਈਕਲ ਅਨੁਸਾਰ ਸਿੱਖ ਤਦ ਅਲਬਰਟਾ ਦੀਆਂ ਖਾਣਾਂ, ਖੇਤਾਂ ਤੇ ਆਰਿਆਂ ਆਦਿ `ਤੇ ਕੰਮ ਕਰਦੇ ਸਨ। ਪਹਿਲਾਂ-ਪਹਿਲ ਜਿ਼ਆਦਾਤਰ ਸਿੱਖ ਪ੍ਰਵਾਸੀ ਕੈਨੇਡਾ `ਚ ਆ ਕੇ ਛੇਤੀ ਰੁਜ਼ਗਾਰ ਹਾਸਲ ਕਰਨ ਦੇ ਚੱਕਰ ਵਿਚ ਆਪਣੇ ਕੇਸ ਕਟਵਾ ਲੈਂਦੇ ਸਨ। ਪਰ ਉਨ੍ਹਾਂ ਸਭਨਾਂ ਦਾ ਅਲਬਰਟਾ ਨੂੰ ਅੱਜ ਤੱਕ ਦੇ ਆਧੁਨਿਕ ਹਾਲਾਤ ਤੱਕ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਹੈ। ‘ਸਿੱਖਾਂ ਨੇ ਅਲਬਰਟਾ ਦੀ ਉਸਾਰੀ ਕੀਤੀ ਹੈ ਤੇ ਉਹ ਇਸ ਸੂਬੇ ਦੇ ਇਤਿਹਾਸ ਦਾ ਇੱਕ ਹਿੱਸਾ ਹਨ।`