ਖ਼ੁਦ ਨੂੰ ਐਂਵੇਂ ਝੂਠ-ਮੂਠ ਦੀ ਬੈਰਿਸਟਰ, ਸਾਲਿਸਿਟਰ ਤੇ ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਦੇ ਪ੍ਰਭਾਵ ਸਦਕਾ ਇਮੀਗ੍ਰੇਸ਼ਨ ਅਰਜ਼ੀਆਂ ਮਨਜ਼ੂਰ ਕਰਵਾਉਣ ਦੇ ਨਕਲੀ ਦਾਅਵੇ ਕਰਨ ਵਾਲੀ ਹਰਵਿੰਦਰ ਕੌਰ ਠੇਠੀ (46) ਨੂੰ ਅਦਾਲਤ ਨੇ ਪੰਜ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।
ਹਰਵਿੰਦਰ ਕੌਰ ਠੇਠੀ ਵੈਸਟ ਮਿਡਲੈਂਡਜ਼ ਦੇ ਸ਼ਹਿਰ ਸੋਲੀਹੱਲ ਦੀ ਰਹਿਣ ਵਾਲੀ ਹੈ ਤੇ ਉਸ `ਤੇ ਸਾਊਥਵਾਰਕ ਕਰਾਊਨ ਅਦਾਲਤ `ਚ ਛੇ ਵਾਰਾ ਝੂਠ ਬੋਲਣ ਦੇ ਦੋਸ਼ ਲੱਗੇ ਹਨ। ਉਸ ਕੋਲੋਂ ਇਹ ਜੁਰਮ ਪੱਛਮੀ ਲੰਦਨ ਦੇ ਸ਼ਹਿਰ ਹੂੰਸਲੋਅ `ਚ 1 ਜੂਨ, 2013 ਤੋਂ ਲੈ ਕੇ 8 ਸਤੰਬਰ, 2014 ਦੌਰਾਨ ਹੋਏ ਹਨ।
ਠੇਠੀ ਨੇ ਇਮੀਗ੍ਰੇਸ਼ਨ ਨਾਲ ਸਬੰਧਤ ਮਾਮਲੇ ਹੱਲ ਕਰਵਾਉਣ ਲਈ ਲੋਕਾਂ ਤੋਂ 68,000 ਪੌਂਡ ਲੈ ਲਏ ਸਨ। ਉਨ੍ਹਾਂ ਸਭ ਨੂੰ ਕੰਮ ਕਰਵਾਉਣ ਦੇ ਵਾਅਦੇ ਤਾਂ ਕੀਤੇ ਗਏ ਪਰ ਕੰਮ ਕੋਈ ਨਹੀਂ ਕਰਵਾਇਆ ਗਿਆ ਸੀ।