ਇੰਗਲੈਂਡ `ਚ ਰਹਿੰਦੇ ਲੱਖਾਂ ਸਿੱਖਾਂ ਨੂੰ ਸਾਲ 2021 ਦੀ ਮਰਦਮਸ਼ੁਮਾਰੀ ਵਿੱਚ ਇੱਕ ਵੱਖਰੀ ਜਾਤੀ (ਨਸਲ) ਵਜੋਂ ਦਰਜ ਕੀਤਾ ਜਾਵੇਗਾ। ਇਸ ਵੇਲੇ ਇਸ ਦੇਸ਼ ਵਿੱਚ ‘ਸਿੱਖ` ਸਿਰਫ਼ ਇੱਕ ਧਰਮ ਮੰਨਿਆ ਜਾਂਦਾ ਹੈ, ਜਾਤੀ/ਨਸਲ ਨਹੀਂ। ਇਹ ਜਾਣਕਾਰੀ ਯੂਕੇ ਸਟੈਟਿਸਟਿਕਸ ਅਥਾਰਟੀ ਨੇ ਦਿੱਤੀ ਹੈ। ਇਹ ਇੱਕ ਬਹੁਤ ਵੱਡਾ ਕਦਮ ਹੋਵੇਗਾ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਇਸ ਦੇਸ਼ ਦੀਆਂ ਸਾਰੀਆਂ ਜਨਤਕ ਸੇਵਾਵਾਂ ਆਸਾਨੀ ਨਾਲ ਉਪਲਬਧ ਹੋ ਸਕਣਗੀਆਂ।
ਪਿਛਲੇ ਵਰ੍ਹੇ ਇੰਗਲੈਂਡ ਦੇ 100 ਐੱਮਪੀਜ਼, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਵੀ ਸਨ, ਨੇ ਅਥਾਰਟੀ ਨੂੰ ਕਿਹਾ ਸੀ ਕਿ ਸਾਲ 2021 ਦੀ ਮਰਦਮਸ਼ੁਮਾਰੀ (ਜਨਗਣਨਾ) ਵੇਲੇ ਸਿੱਖਾਂ ਲਈ ਇੱਕ ਵੱਖਰੀ ਜਾਤੀ ਦਾ ਬਾਕਸ ਰੱਖਿਆ ਜਾਵੇ।
ਇਹ ਜਾਣਕਾਰੀ ਪੀਟੀਆਈ ਨੇ ‘ਸੰਡੇ ਟਾਈਮਜ਼` ਦੇ ਹਵਾਲੇ ਨਾਲ ਦਿੱਤੀ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸਾਲ 2011 ਦੀ ਮਰਦਮਸ਼ੁਮਾਰੀ `ਚ 83,000 ਤੋਂ ਵੱਧ ਸਿੱਖਾਂ ਨੇ ਜਾਤੀ ਦੇ ਸੁਆਲ `ਤੇ ਕਿਸੇ ਵੀ ਵਿਕਲਪ `ਤੇ ਸਹੀ ਦਾ ਨਿਸ਼ਾਨ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਂਝ ਮਰਦਮਸ਼ੁਮਾਰੀ ਵਾਲੇ ਫ਼ਾਰਮ ਵਿੱਚ ‘ਭਾਰਤੀ` ਦਾ ਵਿਕਲਪ ਸੀ ਪਰ ਉਨ੍ਹਾਂ ਨੇ ਉਸ `ਤੇ ਸਹੀ ਦਾ ਨਿਸ਼ਾਨ ਨਹੀਂ ਲਾਇਆ ਸੀ।
ਨੈਸ਼ਨਲ ਸਟੈਟਿਸਟਿਕਸ ਆਫ਼ਸ (ਰਾਸ਼ਟਰੀ ਅੰਕੜਾ ਦਫ਼ਤਰ) ਵੱਲੋਂ ਹੁਣ ਸਾਲ 2021 ਦੀ ਮਰਦਮਸ਼ੁਮਾਰੀ ਦੇ ਫ਼ਾਰਮ ਵਿੱਚ ‘ਸਿੱਖਇਜ਼ਮ` ਨੂੰ ਇੱਕ ਜਾਤੀ (ਨਸਲ) ਵਜੋਂ ਸ਼ਾਮਲ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪਰ ਹਾਲੇ ਇਸ ਮਾਮਲੇ ਨੂੰ ਲੈ ਕੇ ਕੁਝ ਸ਼ੰਕੇ ਵੀ ਪਾਏ ਜਾ ਰਹੇ ਹਨ ਕਿ ਪਤਾ ਨਹੀਂ ਸਾਰੇ 4.30 ਲੱਖ ਸਿੱਖ ਇਸ ਨੂੰ ਪ੍ਰਵਾਨ ਕਰਨਗੇ ਜਾਂ ਨਹੀਂ।
ਬ੍ਰਿਟਿਸ਼ ਸਿੱਖਾਂ ਦੇ ਸਰਬ-ਪਾਰਟੀ ਸੰਸਦੀ ਸਮੂਹ ਨੇ ਵੀ ਇਸ ਮਾਮਲੇ `ਤੇ ਜਨਤਕ ਸਲਾਹ-ਮਸ਼ਵਰੇ ਲਈ ਗੁਰਦੁਆਰਾ ਸਾਹਿਬਾਨ ਤੋਂ ਮਦਦ ਮੰਗੀ ਹੈ।
ਇੰਗਲੈਂਡ ਦੇ ਨਸਲ ਸਬੰਧਾਂ ਬਾਰੇ ਕਾਨੂੰਨ 1976 ਅਧੀਨ ਸਿੱਖਾਂ ਨੂੰ ਕਾਨੂੰਨੀ ਤੌਰ `ਤੇ ਇੱਕ ਜਾਤੀ ਸਮੂਹ ਵਜੋਂ ਮਾਨਤਾ ਹਾਸਲ ਹੈ। ਉਂਝ ਸਿੱਖਾਂ ਨੂੰ 2001 ਦੀ ਮਰਦਮਸ਼ੁਮਾਰੀ ਤੋਂ ਇੱਕ ਵੈਕਲਪਿਕ ਧਾਰਮਿਕ ਪ੍ਰਸ਼ਨ ਦੇ ਅੰਦਰ ਇੱਕ ਵੱਖਰੇ ਧਰਮ ਵਜੋਂ ਵੀ ਮਾਨਤਾ ਹਾਸਲ ਹੈ।