ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ਉੱਤੇ ਅਮਰੀਕਾ ’ਚ ਬਿਟਕੁਆਇਨ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। 23 ਸਾਲਾ ਕਰਨਜੀਤ ਸਿੰਘ ਖਟਕੜ ਅਤੇ 24 ਸਾਲਾ ਜਗਰੂਪ ਸਿੰਘ ਖਟਕੜ ਉਂਝ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਨਿਵਾਸੀ ਹਨ। ਉਨ੍ਹਾਂ ਕਥਿਤ ਤੌਰ ’ਤੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਵਿਟਰ’ ਦੀ ਵਰਤੋਂ ਕਰ ਕੇ ਹਜ਼ਾਰਾਂ ਡਾਲਰ ਆਪਣੇ ਖਾਤੇ ਵਿੱਚ ਟ੍ਰਾਂਸਫ਼ਰ ਕਰ ਲਏ।
ਹੁਣ ਇਨ੍ਹਾਂ ਦੋਵੇਂ ਪੰਜਾਬੀ ਨੌਜਵਾਨਾਂ ਉੱਤੇ ਵਾਇਰ–ਫ਼ਰਾਡ (ਸਾਈਬਰ ਧੋਖਾਧੜੀ) ਦੀ ਸਾਜ਼ਿਸ਼ ਰਚਣ ਅਤੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਦੋਸ਼ ਲੱਗੇ ਹਨ।
ਦਰਅਸਲ, ਬਿਟਕੁਆਇਨ ਇੱਕ ਡਿਜੀਟਲ ਕਰੰਸੀ ਹੁੰਦੀ ਹੈ, ਜਿਸ ਦਾ ਕੋਈ ਕੇਂਦਰੀ ਬੈਂਕ ਜਾਂ ਕੋਈ ਇੱਕ ਪ੍ਰਸ਼ਾਸਕ ਨਹੀਂ ਹੁੰਦਾ। ਇਹ ਕਰੰਸੀ ਇੱਕ ਯੂਜ਼ਰ ਤੋਂ ਦੂਜੇ ਯੂਜ਼ਰ ਤੱਕ ‘ਪੀਅਰ–ਟੌਪਰ ਬਿਟਕੁਆਇਨ ਨੈੱਟਵਰਕ’ ਰਾਹੀਂ ਇੱਧਰ ਤੋਂ ਉੱਧਰ ਭੇਜੀ ਜਾ ਸਕਦੀ ਹੈ।
ਇਨ੍ਹਾਂ ਦੋਵੇਂ ਪੰਜਾਬੀ ਨੌਜਵਾਨਾਂ ਉੱਤੇ ਮੁਕੱਦਮੇ ਦੀ ਸੁਣਵਾਈ ਅਕਤੂਬਰ 2017 ਤੋਂ ਸ਼ੁਰੂ ਹੋਈ ਸੀ ਤੇ ਉਹ ਅਗਸਤ 2018 ਤੱਕ ਜਾਰੀ ਰਹੀ। ਇਨ੍ਹਾਂ ਦੋਵਾਂ ਨੇ ਟਵਿਟਰ ਉੱਤੇ @HitBTCAssist ਨਾਂਅ ਦਾ ਇੱਕ ਅਕਾਊਂਟ ਬਣਾਇਆ; ਜੋ ਸਿਰਫ਼ ਧੋਖਾਧੜੀ ਤੋਂ ਵੱਧ ਹੋਰ ਕੁਝ ਵੀ ਨਹੀਂ ਸੀ। ਆਮ ਲੋਕਾਂ ਨੇ ਇਹੋ ਸੋਚਿਆ ਕਿ ਇਹ ਸ਼ਾਇਦ ਬਿਟਕੁਆਇਨ ਦਾ ਕੋਈ ਟਵਿਟਰ ਖਾਤਾ ਹੈ।
HitBTC ਦਰਅਸਲ ਆਪਣੇ ਗਾਹਕਾਂ ਨੂੰ ਵੈੱਬ (ਇੰਟਰਨੈੱਟ) ਉੱਤੇ ‘ਵੈਲੇਟਸ’ (ਬਟੂਏ) ਮੁਹੱਈਆ ਕਰਵਾਉਂਦੀ ਹੈ ਤੇ ਤੁਸੀਂ ਉਸ ਰਕਮ ਨਾਲ ਲੈਣ–ਦੇਣ ਵੀ ਕਰ ਸਕਦੇ ਹੋ।
ਦੋਵੇਂ ਪੰਜਾਬੀ ਨੌਜਵਾਨਾਂ ਉੱਤੇ 2,33,220 ਅਮਰੀਕੀ ਡਾਲਰ ਮੁੱਲ ਦੇ ਬਿਟਕੁਆਇਨ ਚੋਰੀ (ਧੋਖਾਧੜੀ) ਕਰਨ ਦਾ ਦੋਸ਼ ਹੈ।