ਨਵੀਂ ਦਿੱਲੀ: ਕੈਨੇਡਾ ਦਾ ‘ਐਕਸਪ੍ਰੈਸ ਐਂਟਰੀ ਵੀਜ਼ਾ` ਪ੍ਰੋਗਰਾਮ ਦਾ ਸਭ ਤੋਂ ਵੱਧ ਲਾਭ ਭਾਰਤੀਆਂ ਨੂੰ ਮਿਲ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਪਿਛਲੇ ਵਰ੍ਹੇ ਭਾਵ 2017 ਦੌਰਾਨ ਕੁੱਲ 86,022 ਸੱਦੇ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਇਸ ਪ੍ਰੋਗਰਾਮ ਰਾਹੀਂ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ 36,310 ਸੀ, ਜੋ ਕੁੱਲ ਗਿਣਤੀ ਦਾ 42 ਫ਼ੀ ਸਦੀ ਬਣਦੀ ਹੈ। ਉਂਝ ਇਸ ਪ੍ਰੋਗਰਾਮ ਅਧੀਨ ਕੁੱਲ 65,401 ਵੀਜ਼ੇ ਜਾਰੀ ਕੀਤੇ ਗਏ ਸਨ ਅਤੇ ਬਾਕੀ ਦੀਆਂ ਅਰਜ਼ੀਆਂ ਰੱਦ ਹੋ ਗਈਆਂ ਸਨ। ਉਸ ਤੋਂ ਪਿਛਲੇ ਵਰ੍ਹੇ 2016 ਦੌਰਾਨ ਭਾਰਤੀਆਂ ਦੀ ਇਹ ਗਿਣਤੀ ਸਿਰਫ਼ 11,037 ਸੀ। ਇੰਝ ਇਹ ਕੈਨੇਡੀਅਨ ਵੀਜ਼ਾ ਪ੍ਰੋਗਰਾਮ ਭਾਰਤੀਆਂ ਵਿੱਚ ਬੇਹੱਦ ਹਰਮਨਪਿਆਰਾ ਹੋ ਰਿਹਾ ਹੈ।
ਸੂਚਨਾ ਤਕਨਾਲੋਜੀ ਨਾਲ ਜੁੜੇ ਭਾਰਤੀ ਆ ਰਹੇ ਹਨ ਕੈਨੇਡਾ
ਜਿ਼ਆਦਾਤਰ ਸੂਚਨਾ ਤਕਨਾਲੋਜੀ ਨਾਲ ਜੁੜੇ ਭਾਰਤੀ ਮਾਹਿਰ ਹੀ ਇਸ ਵੇਲੇ ਕੈਨੇਡਾ ਆ ਰਹੇ ਹਨ - ਉਨ੍ਹਾਂ ਵਿਚੋਂ ਜਿ਼ਆਦਾਤਰ ਇਨਫ਼ਾਰਮੇਸ਼ਨ ਸਿਸਟਮ ਐਨਾਲਿਸਟਸ, ਸਾਫ਼ਟਵੇਅਰ ਇੰਜੀਨੀਅਰਜ਼, ਡਿਜ਼ਾਇਨਰਜ਼, ਕੰਪਿਊਟਰ ਪ੍ਰੋਗਰਾਮਰਜ਼ ਤੇ ਯੂਨੀਵਰਸਿਟੀ ਲੈਕਚਰਾਰ ਸ਼ਾਮਲ ਹਨ।
ਦਰਅਸਲ, ਅਮਰੀਕਾ ਦੇ ਐੱਚ1ਬੀ ਵੀਜ਼ਾ ਦੇ ਚਾਹਵਾਨਾਂ ਦੀ ਗਿਣਤੀ ਬਹੁਤ ਜਿ਼ਆਦਾ ਹੈ ਅਤੇ ਉੱਥੇ ਵੱਡੇ ਬੈਕਲੌਗ ਇਕੱਠੇ ਹੋ ਜਾਂਦੇ ਹਨ ਅਤੇ ਪੀਆਰ/ਗ੍ਰੀਨ ਕਾਰਡ ਲਈ ਬਹੁਤ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ।