ਜਰਮਨੀ ’ਚ ਉਸ ਪੰਜਾਬੀ ਜੋੜੀ ਦੀ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ, ਜਿਸ ਉੱਤੇ ਜਰਮਨੀ ’ਚ ਰਹਿ ਰਹੇ ਕਸ਼ਮੀਰੀ ਤੇ ਸਿੱਖਾਂ ਦੀ ਜਾਸੂਸੀ ਕਰਨ ਦੇ ਦੋਸ਼ ਲੱਗੇ ਹੋਏ ਹਨ। ਦੋਸ਼ ਹੈ ਕਿ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੰਵਲਜੀਤ ਕੌਰ ਇਨ੍ਹਾਂ ਦੋਵੇਂ ਭਾਈਚਾਰਿਆਂ ਬਾਰੇ ਖ਼ੁਫ਼ੀਆ ਜਾਣਕਾਰੀ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਦੇ ਰਹੇ ਸਨ।
ਜਰਮਨੀ ’ਚ ਅਜਿਹੇ ਜੁਰਮ ਲਈ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਸ੍ਰੀ ਮਨਮੋਹਨ ਸਿੰਘ ਤੇ ਸ੍ਰੀਮਤੀ ਕੰਵਲਜੀਤ ਕੌਰ ਵਿਰੁੱਧ ਇਸੇ ਵਰ੍ਹੇ ਅਪ੍ਰੈਲ ਮਹੀਨੇ ਦੋਸ਼ ਆਇਦ ਹੋਏ ਸਨ। ਇਨ੍ਹਾਂ ਵਿਰੁੱਧ ਸੁਣਵਾਈ ਹੁਣ ਫ਼ਰੈਂਕਫ਼ਰਟ ਦੀ ਹਾਇਰ ਰੀਜਨਲ ਕੋਰਟ ’ਚ ਸ਼ੁਰੂ ਹੋਈ।
ਦੋਸ਼ ਹੈ ਕਿ 50 ਸਾਲਾ ਸ੍ਰੀ ਮਨਮੋਹਨ ਸਿੰਘ ਨੇ ਜਨਵਰੀ 2015 ਤੋਂ ਜਰਮਨੀ ’ਚ ਰਹਿ ਰਹੇ ਕਸ਼ਮੀਰੀ ਵੱਖਵਾਦੀਆਂ ਤੇ ਸਿੱਖ ਸਮੂਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਸੀ। ਇਹ ਜਾਣਕਾਰੀ ਉਹ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਦੇ ਰਹੇ ਸਨ।
ਜੁਲਾਈ 2017 ’ਚ 51 ਸਾਲਾ ਕੰਵਲਜੀਤ ਕੌਰ ਉੱਤੇ ਵੀ ਭਾਰਤੀ ਖ਼ੁਫ਼ੀਆ ਅਧਿਕਾਰੀਆਂ ਦੀ ਮੀਟਿੰਗ ਵਿੱਚ ਭਾਗ ਲੈਣ ਦਾ ਸ਼ੱਕ ਹੈ। ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੂੰ ਆਪਣੀ ਇਸ ਸੇਵਾ ਲਈ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ (RAW – ਰੀਸਰਚ ਐਂਡ ਐਨਾਲਾਇਸਿਸ ਵਿੰਗ) ਤੋਂ ਮਿਹਨਤਾਨੇ ਵਜੋਂ 7,974 ਡਾਲਰ ਮਿਲੇ ਸਨ।
ਅਗਲੀ ਸੁਣਵਾਈ ਹੁਣ 12 ਦਸੰਬਰ ਨੂੰ ਹੋਣੀ ਤੈਅ ਹੈ। ਇੱਥੇ ਵਰਨਣਯੋਗ ਹੈ ਕਿ ਭਾਰਤੀ ਪੰਜਾਬ ਤੋਂ ਆ ਕੇ ਜਰਮਨੀ ’ਚ ਆ ਕੇ ਵਸੇ ਪੰਜਾਬੀਆਂ ਦੀ ਗਿਣਤੀ 15,000 ਤੋਂ 20,000 ਦੇ ਲਗਭਗ ਹੈ।
ਭਾਰਤ ਨੂੰ ਛੱਡ ਕੇ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਇਟਲੀ ਤੋਂ ਬਾਅਦ ਜਰਮਨੀ ਹੀ ਦੁਨੀਆ ਦਾ ਪੰਜਵਾਂ ਅਜਿਹਾ ਦੇਸ਼ ਹੈ, ਜਿੱਥੇ ਸਿੱਖ ਸਭ ਤੋਂ ਵੱਧ ਗਿਣਤੀ ਵਿੱਚ ਰਹਿ ਰਹੇ ਹਨ।