ਕੈਨੇਡਾ `ਚ ‘ਨਸਲਵਾਦੀ` ਸੋਚ ਵਾਲੇ ਇੱਕ ਵਿਅਕਤੀ ਨੇ ਭਾਰਤੀ ਮੂਲ ਦੀ ਜੋੜੀ ਨੂੰ ਬਿਨਾ ਵਜ੍ਹਾ ਪਰੇਸ਼ਾਨ ਕੀਤਾ ਗਿਆ। ਉਸ ਵਿਅਕਤੀ ਨੇ ਉਨ੍ਹਾਂ ਨੂੰ ਚੀਕ-ਚੀਕ ਕੇ ਕਿਹਾ - ‘ਆਪਣੇ ਦੇਸ਼ ਵਾਪਸ ਚਲੇ ਜਾਓ` ਅਤੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸੇ ਲਈ ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਂਚ ਨਸਲੀ ਆਧਾਰ `ਤੇ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਘਟਨਾ ਐਤਵਾਰ ਨੂੰ ਵਾਪਰੀ, ਜਦੋਂ ਭਾਰਤੀ ਜੋੜੀ ਅਤੇ 47 ਸਾਲਾ ਡੇਲ ਰਾਬਰਟਸਨ ਹੈਮਿਲਟਨ (ਉਨਟਾਰੀਓ) ਦੇ ਵਾਲਮਾਰਟ ਸੁਪਰ-ਸੈਂਟਰ ਦੀ ਇੱਕ ਪਾਰਕਿੰਗ ਲੌਟ `ਚ ਝਗੜਾ ਹੋ ਗਿਆ।
ਬਹਿਸਬਾਜ਼ੀ ਉਦੋਂ ਸ਼ੁਰੂ ਹੋਈ, ਜਦੋਂ ਭਾਰਤੀ ਜੋੜੀ ਆਪਣੀ ਕਾਰ ਪਿੱਛੇ ਵੱਲ ਲਿਜਾ ਰਹੀ ਸੀ ਤੇ ਉਹ ਰਾਬਰਟਸਨ ਦੇ ਰਸਤੇ `ਚ ਆ ਗਏ। ਭਾਰਤੀ ਜੋੜੀ ਨੂੰ ਉੱਤਰਨਾ ਪਿਆ। ਤਦ ਰਾਬਰਟਸਨ ਨੇ ਕਥਿਤ ਤੌਰ `ਤੇ ਆਪਣਾ ਟਰੱਕ ਤੇਜ਼ ਕਰ ਕੇ ਭਾਰਤੀ ਵਿਅਕਤੀ ਦੀ ਪਤਨੀ ਵੱਲ ਵਧਾਇਆ ਪਰ ਫਿਰ ਬ੍ਰੇਕਾਂ ਲਾ ਕੇ ਉਨ੍ਹਾਂ ਨੂੰ ਡਰਾਇਆ।
ਰਾਬਰਟਸਨ ਨੇ ਉਨ੍ਹਾਂ ਨੂੰ ਸਪੱਸ਼ਟ ਆਖਿਆ ਕਿ ਉਸ ਨੂੰ ਉਹ ਦੋਵੇਂ ਚੰਗੇ ਨਹੀਂ ਲੱਗਦੇ, ਇਸ ਲਈ ਉਹ ਪਹਿਲਾਂ ਉਨ੍ਹਾਂ ਦੇ ਬੱਚਿਆਂ ਨੂੰ ਮਾਰੇਗਾ।
ਇੱਥੇ ਵਰਨਣਯੋਗ ਹੈ ਕਿ ਭਾਰਤੀ ਜੋੜੀ ਪਿਛਲੇ ਸੱਤ-ਅੱਠ ਸਾਲਾਂ ਤੋਂ ਕੈਨੇਡਾ `ਚ ਰਹਿੰਦੀ ਹੈ ਅਤੇ ਹੁਣ ਕੈਨੇਡੀਅਨ ਨਾਗਰਿਕ ਹੈ।