ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਜੇਲ੍ਹ `ਚ ਭਾਰਤੀ ਕੈਦੀਆਂ ਨੂੰ ਖਾਣ ਲਈ ਮਿਲ ਰਿਹੈ ਗਊ ਤੇ ਸੂਰ ਦਾ ਮਾਸ

ਅਮਰੀਕੀ ਜੇਲ੍ਹ `ਚ ਭਾਰਤੀ ਕੈਦੀਆਂ ਨੂੰ ਖਾਣ ਲਈ ਮਿਲ ਰਿਹੈ ਗਊ ਤੇ ਸੂਰ ਦਾ ਮਾਸ

-- ਕੈਦੀਆਂ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ

 

ਅਮਰੀਕੀ ਸੂਬੇ ਓਰੇਗੌਨ ਦੀ ਸ਼ੈਰਿਡਾਨ ਜੇਲ੍ਹ ਵਿੱਚ ਬੰਦ ਭਾਰਤੀ, ਖ਼ਾਸ ਕਰ ਕੇ ਪੰਜਾਬੀ ਕੈਦੀਆਂ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਹੈ। ਇਹ ਸਾਰਾ ਉਸ ਪਟੀਸ਼ਨ ਵਿੱਚ ਦਰਜ ਹੈ, ਜਿਹੜੀ ਅਮਰੀਕਾ ਦੀ ਇੱਕ ਜਿ਼ਲ੍ਹਾ ਅਦਾਲਤ `ਚ ਕੇਂਦਰੀ ਪਬਲਿਕ ਡਿਫ਼ੈਂਡਰ ਲੀਜ਼ਾ ਹੇਅ ਵੱਲੋਂ ਪੇਸ਼ ਹੋਈ ਹੈ। ਇਹ ਸਾਰੇ ਕੈਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫ਼ੋਰਸਮੈਂਟ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤੇ ਹਨ। ਇਹ ਸਾਰੇ ਸ਼ਰਨਾਰਥੀ ਵਜੋਂ ਪਨਾਹ ਲੈਣ ਲਈ ਅਮਰੀਕਾ ਆਏ ਸਨ। ਇਨ੍ਹਾਂ `ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ `ਚ ਦਾਖ਼ਲ ਹੋਣ ਦੇ ਦੋਸ਼ ਹਨ।


ਇਸ ਪਟੀਸ਼ਨ ਵਿੱਚ ਦਰਜ ਕੁਝ ਕੈਦੀਆਂ ਦੇ ਬਿਆਨ ਇਸ ਤਰ੍ਹਾਂ ਹਨ:


ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ
ਇੱਕ ਕੈਦੀ ਦਾ ਬਿਆਨ ਹੈ: ‘ਮੈਂ ਜਦੋਂ ਦਾ ਇੱਥੇ ਆਇਆ ਹਾਂ, ਮੈਂ ਆਪਣੀ ਪਤਨੀ ਨਾਲ ਕੋਈ ਗੱਲਬਾਤ ਨਹੀਂ ਕਰ ਸਕਿਆ। ਇੱਕ ਮਹੀਨੇ ਤੋਂ ਉੱਪਰ ਸਮਾਂ ਬੀਤ ਗਿਆ ਹੈ ਤੇ ਮੇਰੇ ਪਰਿਵਾਰ ਨੂੰ ਮੇਰੀ ਫਿ਼ਕਰ ਲੱਗੀ ਹੋਈ ਹੋਵੇਗੀ। ਜਦੋਂ ਵੀ ਕਦੇ ਮੈਂ ਇਹ ਆਖਦਾ ਹਾਂ ਕਿ ਮੈਂ ਆਪਣੇ ਪਰਿਵਾਰ ਨਾਲ ਗੱਲ ਕਰਨੀ ਹੈ, ਤਾਂ ਅੱਗਿਓਂ ਇਹੋ ਜਵਾਬ ਮਿਲਦਾ ਹੈ ਕਿ ਤੂੰ ਆਪਣੇ ਪਰਿਵਾਰ ਨਾਲ ਗੱਲ ਨਹੀਂ ਕਰ ਸਕਦਾ।


ਧਾਰਮਿਕ ਰੀਤਾਂ ਨਹੀਂ ਕਰਨ ਦਿੰਦੇ
ਇੱਕ ਹੋਰ ਕੈਦੀ ਨੇ ਕਿਹਾ ਕਿ ਕਿਸੇ ਕੈਦੀ ਨੂੰ ਕੋਈ ਧਾਰਮਿਕ ਰੀਤ ਨਹੀਂ ਨਿਭਾਉਣ ਦਿੱਤੀ ਜਾਂਦੀ। ‘ਜਦੋਂ ਵੀ ਕਦੇ ਅਸੀਂ ਖਾਣ ਬੈਠਦੇ ਹਾਂ, ਤਾਂ ਸਾਨੂੰ ਖਾਣਾ ਖ਼ਤਮ ਕਰਨ ਲਈ ਸਿਰਫ਼ 10 ਮਿੰਟ ਦਿੱਤੇ ਜਾਂਦੇ ਹਨ। ਸਾਨੂੰ ਕਦੇ ਸ਼ਾਕਾਹਾਰੀ ਭੋਜਨ ਨਹੀਂ ਮਿਲਿਆ। ਉਹ ਸਾਨੂੰ ਮਾਸ ਹੀ ਖਾਣ ਨੂੰ ਦਿੰਦੇ ਹਨ ਤੇ ਕਈ ਵਾਰ ਤਾਂ ਗਊ ਦਾ ਮਾਸ ਤੇ ਸੂਰ ਦਾ ਮਾਸ ਖਾਣ ਲਈ ਦਿੱਤਾ ਜਾਂਦਾ ਹੈ। ਅਸੀਂ ਉਹ ਨਹੀਂ ਖਾਂਦੇ ਤੇ ਭੁੱਖੇ ਹੀ ਰਹਿ ਜਾਂਦੇ ਹਾਂ।`


ਮਾੜੇ ਹਾਲਾਤ `ਚ ਰਹਿ ਰਹੇ ਕੈਦੀ
ਇੱਕ ਭਾਰਤੀ ਕੈਦੀ ਨੇ ਆਪਣੇ ਬਿਆਨ ਵਿੱਚ ਇਹ ਆਖਿਆ
‘ਸਾਡੇ ਨਾਲ ਇੱਕ ਸਿੱਖ ਸੀ, ਉਸ ਨੂੰ ਦਸਤਾਰ ਬੰਨ੍ਹਣ ਦੀ ਇਜਾਜ਼ਤ ਨਹੀਂ ਹੈ। ਜਦੋਂ ਅਸੀਂ ਇੱਥੇ ਆਏ ਸਾਂ, ਤਾਂ ਸਾਨੂੰ ਸਾਰਿਆਂ ਨੂੰ ਸਭ ਦੇ ਸਾਹਮਣੇ ਨੰਗੇ ਕਰ ਦਿੱਤਾ ਗਿਆ ਸੀ ਤੇ ਸਾਡੀ ਤਲਾਸ਼ੀ ਲਈ ਗਈ ਸੀ। ਅਸੀਂ ਇਨ੍ਹਾਂ ਸਾਰੀਆਂ ਗੱਲਾਂ ਕਾਰਨ ਮਾਨਸਿਕ ਤੌਰ `ਤੇ ਪਰੇਸ਼ਾਨ ਹਾਂ। ਅਸੀਂ ਦੁਆ ਕਰਦੇ ਹਾਂ ਕਿ ਸਾਨੂੰ ਇੱਥੋਂ ਬਾਹਰ ਲਿਜਾਂਦਾ ਜਾਵੇ। ਅਸੀਂ ਇਸ ਲਈ ਤੁਹਾਡੇ ਧੰਨਵਾਦੀ ਹੋਵਾਂਗੇ। ਮੇਰੇ ਕਮਰੇ ਵਿੱਚ ਮੇਰੇ ਨਾਲ ਦੋ ਹੋਰ ਜਣੇ ਵੀ ਹਨ। ਅੰਦਰ ਪਖਾਨਾ ਵੀ ਹੈ ਤੇ ਸਾਨੂੰ ਇੱਥੇ ਬੰਦ ਕਰ ਕੇ ਬਾਹਰੋਂ ਜਿੰਦਰਾ ਲਾ ਦਿੱਤਾ ਜਾਂਦਾ ਹੈ।`


ਕੈਦੀਆਂ ਨਾਲ ਹੁੰਦਾ ਗੈਂਗਸਟਰਾਂ ਵਰਗਾ ਵਿਵਹਾਰ
ਕੈਦੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਬੱਸ ਵਿੱਚ ਬਿਠਾ ਕੇ ਸ਼ੈਰਿਡਾਨ ਲਿਆਂਦਾ ਗਿਆ ਸੀ ਤੇ ਸਾਡੇ ਹਥਕੜੀਆਂ ਲੱਗੀਆਂ ਹੋਈਆਂ ਸਨ ਤੇ ਪੈਰਾਂ `ਚ ਬੇੜੀਆਂ ਸਨ। ਅਸੀਂ ਬੱਸ ਵਿੱਚ ਸਾਰੀ ਰਾਤ ਭੁੱਖੇ ਬੈਠੇ ਰਹੇ। ਸਾਨੂੰ ਲੱਗਿਆ ਜਿਵੇਂ ਅਸੀਂ ਦਹਿਸ਼ਤਗਰਦਾਂ ਦੀ ਕੈਦ ਵਿੱਚ ਹੋਈਏ ਤੇ ਸਾਨੂੰ ਅਗ਼ਵਾ ਕਰ ਲਿਆ ਗਿਆ ਹੋਵੇ।


ਇੱਕ ਹੋਰ ਕੈਦੀ ਨੇ ਕਿਹਾ ਕਿ ਉਨ੍ਹਾਂ ਸਭਨਾਂ ਨਾਲ ਗੈਂਗਸਟਰਾਂ ਵਰਗਾ ਵਿਵਹਾਰ ਹੋ ਰਿਹਾ ਹੈ, ਜਦ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਗ਼ਲਤ ਨਹੀਂ ਕੀਤਾ। ਕੈਦੀ ਪੁੱਛਦੇ ਹਨ ਕਿ ਆਖ਼ਰ ਉਨ੍ਹਾਂ ਨੂੰ ਸਭ ਦੇ ਸਾਹਮਣੇ ਨੰਗੇ ਕਿਉਂ ਕੀਤਾ ਜਾਂਦਾ ਹੈ। ਅਪਰਾਧੀਆਂ ਨਾਲ ਕਿਉਂ ਰੱਖਿਆ ਜਾਂਦਾ ਹੈ।


ਕੈਦੀਆਂ ਦਾ ਇਲਾਜ ਨਹੀਂ ਕਰਵਾਇਆ ਜਾਂਦਾ
ਸ਼ੈਰਿਡਾਨ ਜੇਲ੍ਹ ਵਿੱਚ ਕੈਦੀਆਂ ਦਾ ਇਲਾਜ ਨਹੀਂ ਕਰਵਾਇਆ ਜਾਂਦਾ। ਕਈਆਂ ਨੂੰ ਦਿਲ ਦਾ ਰੋਗ ਹੈ, ਕਿਸੇ ਦੇ ਗੋਲ਼ੀ ਲੱਗੀ ਹੈ, ਕਿਸੇ ਦੀ ਲੱਤ ਟੁੱਟੀ ਹੋਈ ਹੈ, ਕਿਸੇ ਦੇ ਛਪਾਕੀ ਨਿੱਕਲੀ ਹੋਈ ਹੈ ਤੇ ਕਿਸੇ ਨੂੰ ਕੋਈ ਐਲਰਜੀ ਹੋਈ ਹੈ, ਕਿਸੇ ਦਾ ਗਲ਼ਾ ਦੁਖਦਾ ਹੈ ਪਰ ਕਿਸੇ ਦਾ ਵੀ ਮੈਡੀਕਲ ਇਲਾਜ ਨਹੀਂ ਕਰਵਾਇਆ ਜਾ ਰਿਹਾ। ਕੈਦੀ ਆਪਣੀ ਦੁੱਖ ਭਰੀ ਵਿਥਿਆ ਜੇਲ੍ਹ ਦੇ ਗਾਰਡਾਂ ਨੂੰ ਦੱਸਦੇ ਹਨ ਪਰ ਕੈਦੀਆਂ ਨੂੰ ਠੀਕ ਤਰ੍ਹਾਂ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ, ਜਿਸ ਕਰ ਕੇ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian detainees in US jail are being given beef and pork