ਪਿਛਲੇ ਇਕ ਸਾਲ ਦੇ ਦੌਰਾਨ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਜਿਹੜੇ ਵੀ ਕਾਲਜ ਪੈਂਦੇ ਹਨ ਉਨ੍ਹਾਂ 'ਚੋਂ ਵਿਦਿਅਰਥੀਆਂ ਵੱਲੋਂ ਕੀਤੀ ਜਾਂਦੀ ਹੁੱਲੜਬਾਜ਼ੀ ਦੀ ਅਕਸਰ ਖ਼ਬਰ ਆਉਂਦੀ ਰਹਿੰਦੀ ਹੈ। ਇਨ੍ਹਾਂ ਹੁੱਲੜਬਾਜ਼ੀਆਂ 'ਚ ਬਹੁਗਿਣਤੀ ਪੰਜਾਬੀ ਭਾਈਚਾਰੇ ਦੀ ਦੱਸੀ ਜਾਂਦੀ ਹੈ। ਜਿਸ ਨੂੰ ਦੇਖਦਿਆਂ ਇੱਥੋ ਦੀ ਸਰਕਾਰ ਨੇ ਇਨ੍ਹਾਂ ਅਨਸਰਾਂ ਖ਼ਿਲਾਫ਼ ਸਖ਼ਤ ਐਕਸਨ ਲੈਂਦਿਆਂ ਦੇਸ਼ 'ਚੋਂ ਬਾਹਰ ਕੱਢਣ (ਡਿਪੋਰਟ) ਤੱਕ ਦਾ ਫ਼ੈਸਲਾ ਕਰ ਲਿਆ ਹੈ।
ਬੀਤੇ ਸਾਲ ਦੌਰਾਨ ਚਾਰ-ਪੰਜ ਘਟਨਾਵਾਂ ਅਜਿਹੀਆਂ ਹੋਈਆਂ ਜਿਸ ਦੇ ਚਲਦਿਆਂ ਇਹ ਫ਼ੈਸਲਾ ਲੈਣਾ ਪਿਆ। ਪੰਜਾਬੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਬਰੈਂਪਟਨ ਦੇ ਸ਼ੈਰੀਡਨ ਕਾਲਜ 'ਚ ਹੈ ਜਿੱਥੇ ਰੋਜ਼ਾਨਾ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਜਾਂਦੀਆਂ ਸਨ। ਰੋਜ਼ਾਨਾ ਸੜਕਾਂ 'ਤੇ ਲੜ੍ਹਾਈ-ਝਗੜੇ ਵਾਲਾ ਮਾਹੌਲ ਵੇਖ ਕੇ ਪੰਜਾਬ ਬੈਠੇ ਮਾਪਿਆਂ ਦੇ ਨਾਲ ਇੱਥੋਂ ਦਾ ਪੰਜਾਬੀ ਭਾਈਚਾਰਾ ਵੀ ਕਾਫ਼ੀ ਚਿੰਤਤ ਸੀ ਕਿ ਜੋ ਮਾਹੌਲ ਅਸੀਂ ਪੰਜਾਬ ਛੱਡ ਕੇ ਆਏ ਹਾਂ ਕਿਤੇ ਉਸ ਤਰਾਂ ਦੇ ਹਾਲਾਤ ਇੱਥੇ ਤਾਂ ਨਹੀਂ ਪੈਦਾ ਹੋ ਜਾਣਗੇ।
ਇਨ੍ਹਾਂ ਸਾਰੇ ਹਾਲਾਤ ਨੂੰ ਦੇਖਦਿਆਂ ਬਰੈਂਪਟਨ ਤੋਂ ਪੰਜਾਬੀ ਭਾਈਚਾਰੇ ਨਾਲ ਹੀ ਸਬੰਧਤ ਚਾਰ ਸੰਸਦ ਮੈਂਬਰਾਂ ਨੇ ਸਾਂਝੇ ਰੂਪ 'ਚ ਕੱਲ੍ਹ 21 ਜੂਨ ਨੂੰ ਇਹ ਫ਼ੈਸਲਾ ਕੀਤਾ ਕਿ ਜੋ ਵਿਦਿਆਰਥੀ ਅਜਿਹੀਆਂ ਘਟਨਾਵਾਂ ਕਰਨਗੇ ਜਾਂ ਸ਼ਾਮਲ ਹੋਣਗੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਇੱਥੇ ਪੜ੍ਹਾਈ ਤੇ ਆਪਣਾ ਚੰਗਾ ਭਵਿੱਖ ਬਣਾਉਣ ਆਏ ਹਨ ਿਜਸ 'ਤੇ ਉਨ੍ਹਾਂ ਨੂੰ ਧਿਆਨ ਦੇਣ ਦੀ ਲੋੜ ਹੈ। ਹੁੱਲੜਬਾਜ਼ਾਂ ਖਿਲਾਫ ਕੀਤੇ ਇਸ ਫ਼ੈਸਲੇ 'ਤੇ ਸੰਸਦ ਮੈਂਬਰ ਰਾਜ ਗਰੇਵਾਲ਼, ਰੂਬੀ ਸਹੋਤਾ, ਕਮਲ ਖੈਰਾ ਤੇ ਸੋਨੀਆ ਸਿੱਧੂ ਨੇ ਆਪਣੀ ਸਹਿਮਤੀ ਪ੍ਰਗਟਾਈ।